ਅਜਨਾਲਾ, 7 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਥਾਣਾ ਭਿੰਡੀ ਸੈਦਾਂ ਵਿਖੇ ਰਾਤ ਸਮੇਂ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਸੰਬੰਧੀ ਜ਼ਮਾਨਤ 'ਤੇ ਆਏ ਇੱਕ ਵਿਅਕਤੀ ਕੋਲੋਂ ਪੁੱਛਗਿੱਛ ਕਰਨ ਗਈ ਪੁਲਿਸ ਪਾਰਟੀ ਤੇ ਕੁਝ ਵਿਅਕਤੀਆਂ ਵਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਦੋ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਸਬ-ਇੰਸਪੈਕਟਰ ਦਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਪਿੰਡ ਭਿੰਡੀ ਸੈਦਾਂ ਵਿਖੇ ਰਹਿਣ ਵਾਲੇ ਮਨਜੀਤ ਸਿੰਘ ਕੋਲੋਂ ਪੁੱਛਗਿਛ ਕਰਨ ਲਈ ਉਨ੍ਹਾਂ ਦੇ ਘਰ ਗਈ ਤਾਂ ਉਹ ਪੁਲਿਸ ਦੇ ਹੱਥੀਂ ਪੈ ਗਿਆ ਅਤੇ ਉਸਦੇ ਭਰਾ ਅਤੇ ਚਾਚੇ ਦੇ ਮੁੰਡੇ ਤੋਂ ਇਲਾਵਾ ਹੋਰਨਾਂ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਕੁਝ ਵਿਅਕਤੀ ਕੋਠੇ ਉੱਤੇ ਚੜ ਕੇ ਪੁਲਿਸ ਪਾਰਟੀ 'ਤੇ ਇੱਟਾਂ ਰੋੜੇ ਚਲਾਉਣ ਲੱਗ ਪਏ। ਇਸ ਤੋਂ ਇਲਾਵਾ ਮਨਜੀਤ ਕੌਰ, ਰਾਜ ਕੌਰ ਤੇ ਹੋਰ ਵਿਅਕਤੀ ਮਨਜੀਤ ਸਿੰਘ ਨੂੰ ਧੱਕੇ ਨਾਲ ਪੁਲਿਸ ਕੋਲੋਂ ਛੁਡਵਾ ਕੇ ਭੱਜ ਗਏ ਅਤੇ ਇਸੇ ਦੌਰਾਨ ਦੋ ਪੁਲਿਸ ਕਰਮਚਾਰੀ ਸਿਪਾਹੀ ਜਤਿੰਦਰ ਸਿੰਘ ਅਤੇ ਸਾਹਿਲ ਵੀ ਜ਼ਖ਼ਮੀ ਹੋ ਗਏ। ਡੀ.ਐਸ.ਪੀ. ਇੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ 'ਤੇ ਹੋਏ ਹਮਲੇ ਸੰਬੰਧੀ ਥਾਣਾ ਭਿੰਡੀ ਸੈਦਾਂ ਪੁਲਿਸ ਵਲੋਂ ਮਨਜੀਤ ਸਿੰਘ ਪੁੱਤਰ ਅਜੀਤ ਸਿੰਘ ਤੇ ਉਸ ਦੀ ਪਤਨੀ ਰਾਜ ਕੌਰ, ਜੁਗਰਾਜ ਸਿੰਘ ਉਰਫ ਬਾਊ, ਰੇਸ਼ਮ ਸਿੰਘ, ਸਨੀ ਸਿੰਘ ਅਤੇ ਜਗੀਰ ਕੌਰ ਸਾਰੇ ਵਾਸੀ ਭਿੰਡੀ ਸੈਦਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਭਿੰਡੀ ਸੈਦਾਂ ਗ੍ਰਨੇਡ ਹਮਲਾ ਮਾਮਲਾ-ਪੁੱਛਗਿਛ ਕਰਨ ਗਈ ਪੁਲਿਸ ਪਾਰਟੀ 'ਤੇ ਹਮਲਾ ਕਰਕੇ ਵਿਅਕਤੀ ਨੂੰ ਧੱਕੇ ਨਾਲ ਛੁਡਵਾਇਆ
ਅਜੀਤ ਡੈਸਕ
08-04-2026