ਚੰਡੀਗੜ੍ਹ, 8 ਅਪ੍ਰੈਲ (ਅਜੀਤ ਬਿਊਰੋ)-ਗੁਰੂ ਰਵਿਦਾਸ ਜੀ ਦੇ ਆਉਣ ਵਾਲੇ 650ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਤਹਿਤ ਪੰਜਾਬ ਤੋਂ ਵਾਰਾਣਸੀ ਤੱਕ ਟ੍ਰੇਨ ਰਾਹੀਂ ਵਿਸ਼ੇਸ਼ ਤੀਰਥ ਯਾਤਰਾ ਚਲਾਉਣ ਦਾ ਪ੍ਰਸਤਾਵ ਦਿੱਤਾ ਹੈ | ਪੰਜਾਬ ਸੱਭਿਆਚਾਰ ਤੇ ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਮੁਕੰਮਲ ਤੌਰ 'ਤੇ ਚਲਾਉਣ ਲਈ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ.ਆਰ.ਸੀ.ਟੀ.ਸੀ.), ਚੰਡੀਗੜ੍ਹ ਨਾਲ ਸੰਪਰਕ ਕੀਤਾ ਹੈ | ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹਰ ਮਹੀਨੇ 1000 ਤੋਂ 1200 ਸ਼ਰਧਾਲੂ ਇਸ ਧਾਰਮਿਕ ਯਾਤਰਾ 'ਤੇ ਜਾਣਗੇ | ਉਨ੍ਹਾਂ ਕਿਹਾ ਕਿ ਇਹ ਯਾਤਰਾ ਪੰਜਾਬ ਦੇ ਇੱਕ ਨਿਰਧਾਰਤ ਸਥਾਨ ਤੋਂ ਮਹੀਨੇ ਵਿਚ ਇੱਕ ਵਾਰ ਚਲਾਈ ਜਾਵੇਗੀ | ਪੰਜਾਬ ਸਰਕਾਰ ਨੇ ਆਈ.ਆਰ.ਸੀ.ਟੀ.ਸੀ. ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪ੍ਰਸਤਾਵ ਦੀ ਜਾਂਚ ਕਰਕੇ ਜਲਦੀ ਤੋਂ ਜਲਦੀ ਜਵਾਬ ਦੇਣ |