ਚੰਡੀਗੜ, 9 ਅਪ੍ਰੈਲ (ਅਜੀਤ ਬਿਊਰੋ)- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਨੂੰ ਇਸ ਦੇ ਪ੍ਰੋਜੈਕਟ 'ਸੰਕਟ ਤੋਂ ਸਫਲਤਾ ਤੱਕ ਪੰਜਾਬ ਦੀ ਸ਼ੁੱਧ ਹਵਾ ਬਦਲਾਅ ਯਾਤਰਾ' ਲਈ ਵਾਤਾਵਰਨ ਸ਼੍ਰੇਣੀ ਵਿਚ ਸਕੋਚ ਸਿਲਵਰ ਐਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਐਵਾਰਡ ਨਵੀਂ ਦਿੱਲੀ ਦੇ ਇੰਡੀਆ ਹੈਬੀਟੈਟ ਸੈਂਟਰ ਵਿਚ ਹੋਏ 107ਵੇਂ ਸਕੋਚ ਸਮਿੱਟ 'ਗਵਰਨੈਂਸ ਟਰਾਂਸਫਾਰਮਡ' ਦੌਰਾਨ ਦਿੱਤਾ ਗਿਆ | ਪਿਛਲੇ ਪੰਜ ਸਾਲਾਂ ਵਿਚ ਪੰਜਾਬ ਨੇ ਪਰਾਲੀ ਸਾੜਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਬਹੁ-ਵਿਭਾਗੀ ਕੋਸ਼ਿਸ਼ਾਂ ਰਾਹੀਂ ਮਹੱਤਵਪੂਰਨ ਤਰੱਕੀ ਕੀਤੀ ਹੈ | ਇਸ ਵਿਚ ਰੀਅਲ-ਟਾਈਮ ਮਾਨੀਟਰਿੰਗ ਅਤੇ ਲਾਗੂਕਰਨ ਦੇ ਨਾਲ-ਨਾਲ ਲੰਬੇ ਸਮੇਂ ਦੇ ਢਾਂਚਾਗਤ ਕਦਮ ਸ਼ਾਮਲ ਹਨ | ਰੀਨਾ ਗੁਪਤਾ, ਚੇਅਰਪਰਸਨ, ਪੀ.ਪੀ.ਸੀ.ਬੀ. ਨੇ ਕਿਹਾ ਕਿ ਅਸੀਂ ਇਸ ਰਾਸ਼ਟਰੀ ਮਾਨਤਾ ਨੂੰ ਪ੍ਰਾਪਤ ਕਰਕੇ ਮਾਣਮੱਤੇ ਮਹਿਸੂਸ ਕਰਦੇ ਹਾਂ | ਇਹ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਜੋ ਇਕ ਜਟਿਲ ਵਾਤਾਵਰਨ ਚੁਣੌਤੀ ਨੂੰ ਹੱਲ ਕਰਨ ਲਈ ਹੈ | ਪੰਜਾਬ ਰਾਜ ਭਵਿੱਖ ਵਿਚ ਇਸ ਦਿਸ਼ਾ ਵਿਚ ਹੋਰ ਬਿਹਤਰ ਪ੍ਰਾਪਤੀ ਹਾਸਲ ਕਰਨ ਲਈ ਪਰਾਲੀ ਸਾੜਨ ਦੇ ਰੁਝਾਨ ਨੂੰ ਪੂਰੀ ਤਰਾਂ ਖਤਮ ਕਰਨ ਲਈ ਯੋਜਨਾਬੱਧ ਢੰਗ ਨਾਲ ਕੰਮ ਕਰ ਰਿਹਾ ਹੈ |