ਮਾਨਸਾ, 10 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਸ਼ੋ੍ਰਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਬਾਬਾ ਕੁਲਵਿੰਦਰ ਸਿੰਘ ਕੋਟਧਰਮੂ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ | ਉਨ੍ਹਾਂ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ 'ਤੇ ਕਾਲ ਆਈ ਅਤੇ ਕਿਹਾ ਗਿਆ ਕਿ 2 ਦਿਨਾਂ 'ਚ 2 ਕਰੋੜ ਰੁਪਏ ਦਿੱਤੇ ਜਾਣ, ਨਹੀਂ ਜਾਨੋਂ ਮਾਰ ਦਿੱਤਾ ਜਾਵੇਗਾ | ਫ਼ੋਨ ਕਰਨ ਵਾਲਾ ਵਿਅਕਤੀ ਜੋ ਹਿੰਦੀ ਭਾਸ਼ਾ 'ਚ ਗੱਲ ਕਰ ਰਿਹਾ ਸੀ, ਨੇ ਖ਼ੁਦ ਨੂੰ ਰੋਹਿਤ ਗੋਂਦਾਰਾ ਦੱਸਿਆ | ਚੌਕੀ ਇੰਚਾਰਜ ਕੋਟਧਰਮੂ ਸਬ ਇੰਸਪੈਕਟਰ ਬਲਜਿੰਦਰ ਸਿੰਘ ਖੱਡੂ ਨੇ ਦੱਸਿਆ ਕਿ ਥਾਣਾ ਸਦਰ ਮਾਨਸਾ ਵਿਖੇ ਰੋਹਿਤ ਗੋਂਦਾਰਾ ਪੁੱਤਰ ਨਾਮਾਲੂਮ ਖ਼ਿਲਾਫ਼ ਧਾਰਾ 308 (4), 351 (3) ਬੀ.ਐਨ.ਐਸ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ 2024 'ਚ ਵੀ ਫਿਰੌਤੀ ਦੇਣ ਦੀਆਂ ਕਾਲਾਂ ਆਈਆਂ ਸਨ | ਪਿੰਡ ਦੇ ਸਾਬਕਾ ਸਰਪੰਚ ਬਾਬਾ ਕੁਲਵਿੰਦਰ ਸਿੰਘ ਕੋਟਧਰਮੂ ਨਾਲ ਸੰਪਰਕ ਕਰਨ 'ਤੇ ਦੱਸਿਆ ਕਿ ਸਾਰੀ ਕਹਾਣੀ ਪੁਲਿਸ ਨੂੰ ਬਿਆਨ ਕਰ ਦਿੱਤੀ ਹੈ | ਉਨ੍ਹਾਂ ਮੁੱਖ ਮੰਤਰੀ ਤੇ ਡੀ.ਜੀ.ਪੀ. ਤੋਂ ਮੰਗ ਕੀਤੀ ਕਿ ਉਸ ਦੀ ਜਾਨ-ਮਾਲ ਦੀ ਸੁਰੱਖਿਆ ਕੀਤੀ ਜਾਵੇ |