ਸ੍ਰੀ ਅਨੰਦਪੁਰ ਸਾਹਿਬ, 12 ਅਪ੍ਰੈਲ (ਕਰਨੈਲ ਸਿੰਘ)-ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਵਲੋਂ ਅੱਜ ਖ਼ਾਲਸਾ ਪ੍ਰਗਟ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਆਰੰਭ ਕੀਤੇ ਗਏ | ਆਰੰਭਤਾ ਦੀ ਅਰਦਾਸ ਗਿਆਨੀ ਜੋਗਿੰਦਰ ਸਿੰਘ ਮੁੱਖ ਗ੍ਰੰਥੀ ਤਖ਼ਤ ਸਾਹਿਬ ਵਲੋਂ ਕੀਤੀ ਗਈ ਤੇ ਤਖ਼ਤ ਸਾਹਿਬ ਦੇ ਕਥਾ ਵਾਚਕ ਗਿਆਨੀ ਸਤਵਿੰਦਰ ਸਿੰਘ ਵਲੋਂ ਹੁਕਮਨਾਮਾ ਲੈਣ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ | ਇਸ ਮੌਕੇ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ, ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ ਤੇ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਨੇ ਕਿਹਾ ਕਿ ਸਰਬੰਸਦਾਨੀ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵਲੋਂ ਵਰੋਸਾਈ ਹੋਈ ਪਵਿੱਤਰ ਨਗਰੀ ਅਨੰਦਾਂ ਦੀ ਪੂਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜ ਸਿੱਖਾਂ ਨੂੰ ਖੰਡੇ ਬਾਟੇ ਦਾ ਅੰਮਿ੍ਤ ਛਕਾ ਕੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ | ਉਨ੍ਹਾਂ ਕਿਹਾ ਕਿ ਅੱਜ ਆਰੰਭ ਕੀਤੇ ਅਖੰਡ ਪਾਠ ਦੇ ਭੋਗ 14 ਅਪ੍ਰੈਲ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਪਾਏ ਜਾਣਗੇ | ਅੱਜ ਤੋਂ ਹੀ ਤਖ਼ਤ ਸਾਹਿਬ ਵਿਖੇ ਸਮਾਗਮ ਆਰੰਭ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ 12, 13 ਅਤੇ 14 ਅਪ੍ਰੈਲ ਨੂੰ ਲਗਾਤਾਰ ਤਿੰਨ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮਿ੍ਤ ਸੰਚਾਰ ਹੋਵੇਗਾ | ਇਸ ਮੌਕੇ ਮੈਨੇਜਰ ਮਲਕੀਤ ਸਿੰਘ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਮੀਤ ਮੈਨੇਜਰ ਐਡਵੋਕੇਟ ਜਸਵੀਰ ਸਿੰਘ, ਸੂਚਨਾ ਅਫ਼ਸਰ ਹਰਪ੍ਰੀਤ ਸਿੰਘ, ਪੰਜ ਪਿਆਰਾ ਭਾਈ ਸਰਬਜੀਤ ਸਿੰਘ ਤੇ ਭਾਈ ਕਰਮਜੀਤ ਸਿੰਘ, ਦਵਿੰਦਰ ਸਿੰਘ ਢਿੱਲੋਂ, ਸ. ਚੰਦਰਪਾਲ ਸਿੰਘ, ਸੁਖਬੀਰ ਸਿੰਘ ਕਲਮਾਂ, ਭੁਪਿੰਦਰ ਸਿੰਘ ਲੇਖਾਕਾਰ, ਜਗਨੰਦਨ ਸਿੰਘ ਸੰਧੂ ਆਦਿ ਸੰਗਤਾਂ ਹਾਜ਼ਰ ਸਨ |
ਖ਼ਾਲਸਾ ਸਾਜਨਾ ਦਿਵਸ ਸੰਬੰਧੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਆਰੰਭ
ਅਜੀਤ ਡੈਸਕ
13-04-2026