ਫ਼ਾਜ਼ਿਲਕਾ, 12 ਅਪ੍ਰੈਲ (ਦਵਿੰਦਰ ਪਾਲ ਸਿੰਘ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਸਾਦਕੀ ਚੌਂਕੀ ਦੀ ਜ਼ੀਰੋ ਲਾਇਨ 'ਤੇ ਪਾਕਿਸਤਾਨ ਵਾਲੇ ਪਾਸੇ ਲੱਗੇ ਸਰਕੰਡਿਆਂ ਨੂੰ ਅਚਾਨਕ ਅੱਗ ਲੱਗ ਗਈ | ਜਿਸ ਨਾਲ ਆਲ਼ੇ ਦੁਆਲੇ ਦੇ ਪਿੰਡਾਂ ਵਿਚ ਹੜਕੰਪ ਮੱਚ ਗਿਆ | ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਵਾਲੇ ਪਾਸਿਓਾ ਲੱਗੀ ਅੱਗ ਹਵਾ ਦੇ ਕਾਰਨ ਫੈਲਦੇ ਹੋਏ ਭਾਰਤੀ ਸਰਹੱਦੀ ਤੱਕ ਪਹੁੰਚ ਗਈ | ਸਰਹੱਦ ਦੇ ਨਾਲ ਲੱਗੇ ਇਲਾਕੇ 'ਚ ਕਣਕ ਦੀ ਖੜ੍ਹੀ ਫ਼ਸਲ 'ਤੇ ਖ਼ਤਰਾ ਮੰਡਰਾਉਣ ਲੱਗਿਆ | ਜਿਸ ਤੋਂ ਬਾਅਦ ਬੀ.ਐਸ.ਐਫ. ਦੇ ਜਵਾਨਾਂ ਤੇ ਪਿੰਡ ਪੱਕਾ ਚਿਸ਼ਤੀ ਦੇ ਪਿੰਡ ਵਾਸੀਆਂ ਵਲੋਂ ਮਿਲ ਕੇ ਇਸ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਇਸਦੀ ਸੂਚਨਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਫਾਇਰ ਬਿ੍ਗੇਡ ਨੂੰ ਦਿੱਤੀ | ਦੂਸਰੇ ਪਾਸੇ ਪਾਕਿਸਤਾਨ ਵਾਲੇ ਪਾਸਿਓਾ ਵੀ ਪਾਕਿ ਰੇਂਜਰਾਂ ਵਲੋਂ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ | ਸਮੇਂ ਰਹਿੰਦੇ ਪਿੰਡ ਵਾਸੀਆਂ, ਬੀ.ਐਸ.ਐਫ. ਜਵਾਨਾਂ, ਫਾਇਰ ਬਿ੍ਗੇਡ ਦੇ ਮੁਲਾਜ਼ਮਾਂ ਨੇ ਅੱਗ ਨੂੰ ਖੇਤਾਂ ਤੱਕ ਪਹੁੰਚਣ ਤੋਂ ਪਹਿਲਾਂ ਕਾਬੂ ਪਾ ਲਿਆ | ਜਿਸ ਨਾਲ ਇਕ ਵੱਡਾ ਨੁਕਸਾਨ ਹੋਣ ਤੋਂ ਬੱਚ ਗਿਆ | ਪਿੰਡ ਦੇ ਪੱਕਾ ਚਿਸ਼ਤੀ ਦੇ ਸੁਖਦੀਪ ਸਿੰਘ ਸਰਪੰਚ ਨੇ ਦੱਸਿਆ ਕਿ ਜ਼ੀਰੋ ਲਾਈਨ 'ਤੇ ਪਾਕਿਸਤਾਨ ਵਾਲਿਆਂ ਨੇ ਸਰਕੰਡਿਆਂ ਨੂੰ ਅੱਗ ਲਗਾਈ ਸੀ | ਜੋ ਕਿ ਫੈਲਦੀ ਹੋਈ ਭਾਰਤੀ ਖੇਤਰ ਤੱਕ ਪੁੱਜ ਗਈ | ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਅਤੇ ਪ੍ਰਸ਼ਾਸਨ ਨੇ ਅੱਗ 'ਤੇ ਕਾਬੂ ਪਾਇਆ | ਉਨ੍ਹਾਂ ਕਿਹਾ ਕਿ ਪਾਕਿਸਤਾਨ ਵਾਲੇ ਪਾਸਿਓਾ ਅਖੀਰ ਵਿਚ ਆ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ | ਜੇਕਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਪੂਰਾ ਪਿੰਡ ਖ਼ਤਮ ਹੋ ਜਾਣਾ ਸੀ | ਪਿੰਡ ਦੇ ਨੰਬਰਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਜ਼ੀਰੋ ਲਾਈਨ 'ਤੇ ਚੱਕ ਸਾਨੀ ਰਕਬੇ ਅੰਦਰ ਇਹ ਅੱਗ ਲੱਗੀ ਸੀ | ਕੌਮਾਂਤਰੀ ਸਰਹੱਦ ਦੇ ਦੋਨੋਂ ਪਾਸੇ ਅੱਗ ਦਾ ਪੂਰਾ ਤਾਂਡਵ ਸੀ | ਫ਼ਾਜ਼ਿਲਕਾ ਦੇ ਡੀ.ਐਸ.ਪੀ. ਬੀ.ਐਸ. ਰੰਧਾਵਾ ਨੇ ਦੱਸਿਆ ਕਿ ਸਰਪੰਚ ਦੀ ਸੂਚਨਾ 'ਤੇ ਉਹ ਮੌਕੇ 'ਤੇ ਪੁੱਜੇ ਹਨ ਤੇ ਪਾਕਿਸਤਾਨ ਵਾਲੇ ਪਾਸਿਓ ਭਾਰਤੀ ਖੇਤਰ 'ਚ ਅੱਗ ਪੁੱਜੀ ਹੈ | ਉਨ੍ਹਾਂ ਕਿਹਾ ਕਿ ਅੱਗ ਕਾਫ਼ੀ ਜ਼ਿਆਦਾ ਸੀ | ਖ਼ਬਰ ਲਿਖੇ ਜਾਣ ਤੱਕ ਪਿੰਡ ਦੇ ਲੋਕ, ਪ੍ਰਸ਼ਾਸਨਿਕ ਅਧਿਕਾਰੀ ਅਤੇ ਬੀ. ਐਸ. ਐਫ. ਦੇ ਜਵਾਨ ਅੱਗ ਬੁਝਾਉਣ ਲਈ ਲੱਗੇ ਹੋਏ ਸਨ |
ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਲੱਗੀ ਭਿਆਨਕ ਅੱਗ <br/>
ਅਜੀਤ ਡੈਸਕ
13-04-2026