ਅੰਮਿ੍ਤਸਰ, 12 ਅਪ੍ਰੈਲ (ਸੁਰਿੰਦਰ ਕੋਛੜ)-ਜਲਿ੍ਹਆਂਵਾਲਾ ਬਾਗ ਦੇ ਖ਼ੂਨੀ ਸਾਕੇ ਤੋਂ ਪੂਰੇ 24 ਘੰਟੇ ਪਹਿਲਾਂ ਲੋਕਾਂ ਨੂੰ ਚਿਤਾਵਨੀ ਦੇਣ ਲਈ ਹਤਿਆਰੇ ਜਨਰਲ ਆਰ. ਈ. ਐੱਚ. ਡਾਇਰ ਵਲੋਂ 'ਐਲਾਨ' ਸਿਰਲੇਖ ਵਾਲੇ ਦੋ-ਭਾਸ਼ਾਈ ਪੋਸਟਰ ਸ਼ਹਿਰ 'ਚ ਸਿਰਫ਼ 19 ਸਥਾਨਾਂ 'ਤੇ ਲਗਵਾਏ ਗਏ ਸਨ | ਜਿਨ੍ਹਾਂ 'ਚ ਇਹ ਐਲਾਨ ਕੀਤਾ ਗਿਆ ਸੀ ਕਿ ਕੋਈ ਵੀ ਵਿਅਕਤੀ ਬਿਨਾ ਮਨਜ਼ੂਰੀ ਦੇ ਸ਼ਹਿਰ ਨਹੀਂ ਛੱਡੇਗਾ ਅਤੇ ਰਾਤ ਨੂੰ 8 ਵਜੇ ਦੇ ਬਾਅਦ ਬਾਜ਼ਾਰਾਂ 'ਚ ਵਿਖਾਈ ਦੇਣ ਵਾਲੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਜਾਵੇਗੀ | ਇਕ ਜਗ੍ਹਾ 'ਤੇ 4 ਤੋਂ ਵਧੇਰੇ ਲੋਕ ਇਕਠੇ ਨਹੀਂ ਹੋ ਸਕਣਗੇ ਅਤੇ ਇਸ ਹੁਕਮ ਦੀ ਉਲੰਘਣਾ ਕਰਨ ਵਾਲੇ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ | ਜਲਿ੍ਹਆਂਵਾਲਾ ਬਾਗ ਦੇ ਸਾਕੇ ਨਾਲ ਸੰਬੰਧਿਤ ਰਿਪੋਰਟਾਂ ਮੁਤਾਬਿਕ 12 ਅਪ੍ਰੈਲ 1919 ਨੂੰ ਸਵੇਰੇ 10 ਵਜੇ ਡਾਇਰ ਨੇ 125 ਅੰਗਰੇਜ਼ ਅਤੇ 310 ਭਾਰਤੀ ਸੈਨਿਕਾਂ ਨੂੰ ਨਾਲ ਲੈ ਕੇ ਸ਼ਹਿਰ 'ਚ ਗਸ਼ਤ ਕੀਤੀ | ਜਦੋਂ ਉਸ ਨੇ ਸਥਾਨਕ ਸੁਲਤਾਨਵਿੰਡ ਦਰਵਾਜ਼ੇ ਦੇ ਨਜ਼ਦੀਕ ਖੜੀ ਭੀੜ ਨੂੰ ਉੱਥੋਂ ਹਟਣ ਦਾ ਆਦੇਸ਼ ਦਿੱਤਾ, ਤਾਂ ਭੀੜ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਸਗੋਂ ਭੀੜ 'ਚ ਸ਼ਾਮਿਲ ਕੁੱਝ ਨੌਜਵਾਨਾਂ ਨੇ ਡਾਇਰ ਦਾ ਮਜ਼ਾਕ ਬਣਾਉਣਾ ਸ਼ੁਰੂ ਕਰ ਦਿੱਤਾ | ਜਿਸ 'ਤੇ ਉਸ ਨੇ ਤੁਰੰਤ ਨਾਲ ਖੜ੍ਹੇ ਅਧਿਕਾਰੀਆਂ ਨੂੰ ਸ਼ਾਹਮੁਖੀ ਤੇ ਗੁਰਮੁਖੀ 'ਚ ਸ਼ਹਿਰ ਵਾਸੀਆਂ ਨੂੰ ਚਿਤਾਵਨੀ ਦਿੰਦੇ ਪੋਸਟਰ ਤਿਆਰ ਕਰਕੇ ਸ਼ਹਿਰ 'ਚ ਲਗਵਾਉਣ ਦੇ ਨਾਲ-ਨਾਲ ਢੋਲ ਵਜਾ ਕੇ ਮੁਨਾਦੀ ਰਾਹੀਂ ਉਕਤ ਸੁਨੇਹਾ ਪਹੁੰਚਾਉਣ ਦਾ ਹੁਕਮ ਦਿੱਤਾ | ਪ੍ਰਾਪਤ ਵੇਰਵਿਆਂ ਅਨੁਸਾਰ 'ਐਲਾਨ' ਸਿਰਲੇਖ ਵਾਲੇ ਹੱਥ-ਲਿਖੇ ਪੋਸਟਰ ਸਥਾਨਕ ਹਾਲ ਗੇਟ, ਚੌਂਕ ਖ਼ੈਰੂਦੀਨ ਮਸਜਿਦ ਬਾਜ਼ਾਰ, ਚੌਂਕ ਹਾਲ ਬਾਜ਼ਾਰ, ਚੌਂਕ ਬਿਜਲੀ ਵਾਲਾ, ਚੌਂਕ ਫੁਹਾਰਾ, ਹਾਥੀ ਗੇਟ, ਲੋਹਗੜ੍ਹ ਗੇਟ, ਢਾਬ ਖਟੀਕਾਂ, ਚੌਂਕ ਭਾਈ ਸੰਤ ਸਿੰਘ, ਚੌਂਕ ਦੂਲੋ, ਚੌਂਕ ਫੁੱਲਾਂਵਾਲਾ, ਚੌਂਕ ਬਾਜ਼ਾਰ ਟੁੰਡਾ ਤਲਾਬ, ਚੌਂਕ ਕਿਲ੍ਹਾ ਭੰਗੀਆਂ, ਚੌਂਕ ਬਾਬਾ ਝੰਡਾ ਸਿੰਘ, ਚੌਂਕ ਮਜੀਠ ਮੰਡੀ, ਚੌਂਕ ਨਮਕ ਮੰਡੀ, ਚੌਂਕ ਕਟੜਾ ਕਰਮ ਸਿੰਘ, ਲਾਹੌਰੀ ਗੇਟ ਅਤੇ ਚੌਂਕ ਚਿੱਟਾ ਕਟੜਾ 'ਚ ਲਗਾਏ ਗਏ | ਇਸ ਤਰ੍ਹਾਂ ਨਾਲ ਜਲਿ੍ਹਆਂਵਾਲਾ ਬਾਗ ਵਿਖੇ ਪਹੁੰਚੇ ਬਾਕੀ ਲਗਭਗ 95 ਫ਼ੀਸਦੀ ਸ਼ਹਿਰੀਆਂ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਇਸ ਐਲਾਨ ਦੀ ਕੋਈ ਜਾਣਕਾਰੀ ਨਹੀਂ ਸੀ | ਜਿਸ ਕਾਰਨ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਲੋਕ ਵੱਡੀ ਗਿਣਤੀ 'ਚ ਸ੍ਰੀ ਦਰਬਾਰ ਸਾਹਿਬ ਵਿਖੇ ਇਸ਼ਨਾਨ ਕਰਨ ਉਪਰੰਤ ਜਲਿ੍ਹਆਂਵਾਲਾ ਬਾਗ 'ਚ ਇਕਠੇ ਹੁੰਦੇ ਰਹੇ |
ਜਲਿ੍ਹਆਂਵਾਲਾ ਬਾਗ ਸਾਕੇ ਤੋਂ ਪਹਿਲਾਂ ਜਨਰਲ ਡਾਇਰ ਵਲੋਂ ਜਾਰੀ ਕੀਤੇ 'ਐਲਾਨ' ਤੋਂ ਜ਼ਿਆਦਾਤਰ ਲੋਕ ਰਹੇ ਬੇਖ਼ਬਰ
ਅਜੀਤ ਡੈਸਕ
13-04-2026