ਟਾਂਡਾ ਉੜਮੁੜ, 13 ਅਪ੍ਰੈਲ (ਦੀਪਕ ਬਹਿਲ)-ਸ਼ੋ੍ਰਮਣੀ ਕਮੇਟੀ ਸਦਾ ਹੀ ਬੇਅਦਬੀ ਦੀਆਂ ਘਟਨਾਵਾਂ ਠੋਸ ਸਜਾਵਾਂ ਦੇ ਹੱਕ ਵਿਚ ਰਹੀ ਹੈ ਪਰੰਤੂ ਚੰਗਾ ਹੁੰਦਾ ਜੇਕਰ ਪੰਜਾਬ ਸਰਕਾਰ ਇਸ ਬਿੱਲ ਨੂੰ ਵਿਧਾਨ ਸਭਾ ਵਿਚ ਲਿਆਉਣ ਤੋਂ ਪਹਿਲਾਂ ਪੰਥਕ ਧਿਰਾਂ ਦੀ ਆਮ ਰਾਏ ਨੂੰ ਲੈ ਕੇ ਕਾਨੂੰਨ 'ਤੇ ਸਜਾਵਾਂ ਅੰਦਰ ਕਰੜੀ ਸੋਧ ਕਰਦੀ | ਇਹ ਪ੍ਰਗਟਾਵਾ ਅੱਜ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਟਾਂਡਾ ਪੁੱਜਣ 'ਤੇ ਕੀਤਾ | ਇਕ ਪੱਤਰਕਾਰ ਸੰਮੇਲਨ ਦੌਰਾਨ ਅੱਜ ਪੰਜਾਬ ਵਿਧਾਨ ਸਭਾ ਵਿਚ ਸਰਬ ਸੰਮਤੀ ਨਾਲ ਪਾਸ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਬਿੱਲ ਸਬੰਧੀ ਪ੍ਰਤੀਕਰਮ ਦਿੰਦੇ ਪ੍ਰਧਾਨ ਧਾਮੀ ਨੇ ਕਿਹਾ ਕਿ ਐਸ.ਜੀ.ਪੀ.ਸੀ. ਨੂੰ ਸਰਕਾਰ ਵਲੋਂ ਇਸ ਐਕਟ ਦੀ ਸੋਧ ਸਬੰਧੀ ਕੋਈ ਵੀ ਮਸੌਦਾ ਨਹੀਂ ਭੇਜਿਆ | ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ 'ਤੇ ਜਲਦ ਕਰੜੀਆਂ ਸਜਾਵਾਂ ਦੇਣ ਦੇ ਕਾਨੂੰਨੀ ਪ੍ਰਾਵਧਾਨਾਂ ਲਈ ਸੁਹਿਰਦਤਾ ਨਾਲ ਲਾਗੂ ਕਰਨ ਦੇ ਉਹ ਹਮੇਸ਼ਾ ਵਚਨਬੱਧ ਰਹੇ ਹਨ | ਵਰਨਣਯੋਗ ਹੈ ਕਿ ਅੱਜ ਜਥੇਦਾਰ ਧਾਮੀ ਟਾਂਡਾ ਵਿਚ ਖ਼ਾਲਸੇ ਦੇ ਜਨਮ ਦਿਹਾੜੇ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਹੂਰਾਂ ਦੀ ਸਰਪ੍ਰਸਤੀ ਹੇਠ ਵਿਦਿਆਰਥੀਆਂ ਨੂੰ ਤੰਤੀ ਸਾਜਾਂ ਤੇ ਗੁਰਮਤਿ ਸਾਜਾਂ ਦੀ ਸਿਖਲਾਈ ਦੇਣ ਦੇ ਮੰਤਵ ਨਾਲ ਖੋਲੀ ਗਈ | ਬਾਬਾ ਬਲਵੰਤ ਸਿੰਘ ਸੰਗੀਤ ਅਕੈਡਮੀ ਦਾ ਉਦਘਾਟਨ ਕਰਨ ਲਈ ਟਾਂਡਾ ਪੁੱਜੇ ਸਨ |