ਫ਼ਾਜ਼ਿਲਕਾ, 14 ਅਪ੍ਰੈਲ(ਦਵਿੰਦਰ ਪਾਲ ਸਿੰਘ)-ਪੰਜਾਬ ਦੀ ਆਮ ਆਦਮੀ ਪਾਰਟੀ ਵਲ਼ੋਂ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਪਰ ਸੱਚਾਈ ਇਸ ਤੋਂ ਕੋਹਾਂ ਦੂਰ ਹੈ | ਪੰਜਾਬ ਦੇ 2000 ਸੀਨੀਅਰ ਸੈਕੰਡਰੀ ਸਕੂਲਾਂ ਅੰਦਰ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ 1600 ਪੋਸਟਾਂ ਮਨਜ਼ੂਰ ਹਨ, ਪਰ ਇਨ੍ਹਾਂ ਵਿਚੋਂ 9000 ਦੇ ਕਰੀਬ ਪੋਸਟਾਂ ਖ਼ਾਲੀ ਪਈਆਂ ਹਨ, ਪਰ ਪਿਛਲੇ 4 ਸਾਲਾ ਤੋਂ ਇਕ ਵੀ ਭਰਤੀ ਨਹੀਂ ਕੀਤੀ ਗਈ | ਜਿਸ ਤੋਂ ਸਾਫ਼ ਹੈ ਕਿ ਸਿੱਖਿਆ ਕ੍ਰਾਂਤੀ ਸਿਰਫ਼ ਸੋਸ਼ਲ ਮੀਡੀਆ ਅਤੇ ਇਸ਼ਤਿਹਾਰੀ ਮੁਹਿੰਮ ਤੱਕ ਸੀਮਤ ਹੈ | ਸਿੱਖਿਆਂ ਮੰਤਰੀ ਹਰਜੋਤ ਸਿੰਘ ਬੈਂਸ ਅਨੇਕਾਂ ਵਾਰ ਇਸ ਘਾਟ ਨੂੰ ਸਵੀਕਾਰ ਵੀ ਕਰ ਚੁੱਕੇ ਹਨ ਅਤੇ 4 ਸਾਲਾਂ ਤੋਂ ਲਾਰੇ 'ਤੇ ਲਾਰੇ ਲਗਾ ਕੇ ਬੁੱਤਾਂ ਸਾਰਿਆ ਜਾ ਰਿਹਾ ਹੈ, ਪਿਛਲੇ 4 ਸਾਲਾਂ ਅੰਦਰ 2000 ਤੋਂ ਵੱਧ ਲੈਕਚਰਾਰ ਹੋਰ ਸੇਵਾਮੁਕਤ ਹੋ ਗਏ, ਪਰ ਸਰਕਾਰ ਸਿੱਧੀ ਭਰਤੀ ਕਦੋਂ ਦੀਆਂ 4000 ਅਸਾਮੀਆਂ ਭਰਨ ਦਾ ਨਾਂਅ ਨਹੀਂ ਲੈ ਰਹੀ | ਸੂਤਰਾਂ ਅਨੁਸਾਰ ਲੈਕਚਰਾਰ ਦੀ ਆਖ਼ਰੀ ਭਰਤੀ 2016 ਵਿਚ ਹੋਈ ਸੀ | ਉਸ ਤੋਂ ਬਾਅਦ ਕੋਈ ਭਰਤੀ ਨਹੀਂ ਹੋਈ | ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਸੈਂਕੜੇ ਸੀਨੀਅਰ ਸਕੂਲਾਂ ਅੰਦਰ ਇਕ ਲੈਕਚਰਾਰ ਨਹੀਂ ਪੇਡੂ ਖੇਤਰ ਦੇ ਬਹੁਤੇ ਸਕੂਲਾਂ ਅੰਦਰ, ਪੰਜਾਬੀ ਅੰਗਰੇਜ਼ੀ ਅਤੇ ਇਤਿਹਾਸ ਵਰਗੇ ਵਿਸ਼ਿਆਂ ਦੇ ਲੈਕਚਰਾਰ ਹੀ ਨਹੀਂ ਹਨ | ਇਸ ਦਾ ਸਿੱਧਾ ਅਸਰ 11ਵੀਂ ਅਤੇ 12ਵੀਂ ਜਮਾਤਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਦੀ ਪੜ੍ਹਾਈ 'ਤੇ ਪੈ ਰਿਹਾ ਹੈ | ਲੈਕਚਰਾਰਾਂ ਦੀ ਘਾਟ ਕਾਰਨ ਸਕੂਲਾਂ ਅੰਦਰ ਪੜ੍ਹਾਈ ਤਾਂ ਕੀ ਹੋਣੀ ਉਲਟਾ ਲੜਾਈ ਝਗੜੇ ਅਤੇ ਅਨੁਸ਼ਾਸਨ ਨਿਘਾਰ ਵੱਲ ਜਾ ਰਿਹਾ ਹੈ | ਸਿੱਖਿਆ ਸੂਤਰਾਂ ਅਨੁਸਾਰ 700 ਦੇ ਕਰੀਬ ਸਕੂਲਾਂ ਅੰਦਰ ਪੰਜਾਬੀ ਲੈਕਚਰਾਰ ਨਹੀਂ, 750 ਦੇ ਕਰੀਬ ਸਕੂਲਾਂ ਅੰਦਰ ਅੰਗਰੇਜ਼ੀ ਦੇ ਲੈਕਚਰਾਰ ਨਹੀਂ, 800 ਤੋਂ ਵੱਧ ਪੋਸਟਾਂ ਹਿਸਟਰੀ ਲੈਕਚਰਾਰ ਦੀਆਂ ਖ਼ਾਲੀ ਹਨ, 2000 ਸਕੂਲਾਂ ਵਿਚੋਂ 1500 ਸਕੂਲਾਂ ਤਾਂ ਇਕ ਹੀ ਆਰਟਸ ਸਟਰੀਮ ਦੇ ਹਨ, ਪਰ ਇਨ੍ਹਾਂ ਦਾ ਹਾਲ ਕੀ ਹੈ ਇਹ ਵਿਚਾਰਨ ਦੀ ਗੱਲ ਹੈ | ਆਮ ਆਦਮੀ ਦੇ ਡਰੀਮ ਪ੍ਰਾਜੈਕਟ 117 ਐਮੀਨੈਂਸ ਸਕੂਲਾਂ ਨੇ ਲੈਕਚਰਾਰਾਂ ਦੀ ਘਾਟ ਵਿਚ ਹੋਰ ਵੱਡੀ ਭੂਮਿਕਾ ਨਿਭਾਈ ਸਰਕਾਰ ਨੇ ਬਦਲਿਆਂ ਦੇ ਵਾਰ-ਵਾਰ ਮੌਕੇ ਦੇ ਕੇ ਸਾਰੇ ਲੈਕਚਰਾਰ ਸ਼ਹਿਰੀ ਖੇਤਰ ਦੇ ਸਕੂਲਾਂ ਅੰਦਰ ਇਕੱਠੇ ਕਰ ਲਏ, ਪਰ ਪੇਂਡੂ ਖੇਤਰਾਂ ਦੀ ਉੱਕਾ ਸਾਰ ਨਹੀਂ ਲਈ, ਹਾਲਾਂਕਿ ਇਨ੍ਹਾਂ ਵਿਸ਼ੇਸ਼ ਸਕੂਲਾਂ ਲਈ 2200 ਦੇ ਕਰੀਬ ਨਵੀਆਂ ਪੋਸਟਾਂ ਦੀ ਸਿਰਜਣਾ ਕਰਨੀ ਬਣਦੀ ਸੀ | ਸਿੱਖਿਆ ਸੂਤਰਾਂ ਅਨੁਸਾਰ ਲੈਕਚਰਾਰ ਦੀ ਸਿੱਧੀ ਭਰਤੀ ਅਧੀਨ 1000 ਤੋਂ 1500 ਦੇ ਕਰੀਬ ਨਵੀਆਂ ਭਰਤੀਆਂ ਲਈ ਤਜਵੀਜ਼ ਵਿਚਾਰ ਅਧੀਨ ਹੈ, ਪਰ ਇੱਥੇ ਲੋੜ ਫਿਰ ਨਹੀਂ ਵੇਖੀ ਜਾ ਰਹੀ, ਕਿਉਂਕਿ ਅੰਗਰੇਜ਼ੀ ਪੰਜਾਬੀ ਤਾਂ ਸਾਰੇ ਸਕੂਲਾਂ ਲਈ ਲਾਜ਼ਮੀ ਹੈ, ਪਰ 1500 ਨਿਰੋਲ ਆਰਟਸ ਸਟਰੀਮ ਲਈ 700 ਤੋਂ 800 ਪੋਸਟਾਂ ਇਤਿਹਾਸ ਲੈਕਚਰਾਰ ਲਈ ਚਾਹੀਦੀਆਂ ਹਨ ਤਾਂ ਕਿ ਘੱਟੋ-ਘੱਟ 3 ਪੋਸਟਾਂ ਨਾਲ ਇਕ ਵਾਰ ਬੁੱਤਾ ਸਰ ਸਕਦਾ ਹੈ | ਸਿੱਖਿਆ ਸੁਧਾਰ ਕਮੇਟੀ ਪੰਜਾਬ ਦੇ ਬੁਲਾਰੇ ਹੰਸ ਰਾਜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਰ ਵਿਸ਼ੇ ਦੀਆ ਲੋੜ ਅਨੁਸਾਰ ਲੈਕਚਰਾਰ ਦੀਆਂ ਸਾਰੀਆਂ ਖ਼ਾਲੀ ਅਸਾਮੀਆਂ ਭਰੀਆਂ ਜਾਣ ਤਾਂ ਕਿ ਪੰਜਾਬ ਦੀ ਸੈਕੰਡਰੀ ਸਿੱਖਿਆ ਪਟੜੀ 'ਤੇ ਆ ਸਕੇ |