ਮੰਡੀ ਗੋਬਿੰਦਗੜ੍ਹ, 16 ਅਪ੍ਰੈਲ (ਮੋਹਿਤ ਸਿੰਗਲਾ)-ਹੁਣ ਫਰਜ਼ੀ ਪਛਾਣ ਜਾਂ ਅਪਰਾਧਿਕ ਰਿਕਾਰਡ ਲੁਕੋ ਕੇ ਪਾਸਪੋਰਟ ਬਣਵਾਉਣਾ ਆਸਾਨ ਨਹੀਂ ਰਿਹਾ | ਕੇਂਦਰ ਸਰਕਾਰ ਨੇ ਪਾਸਪੋਰਟ ਸੇਵਾ ਪ੍ਰੋਗਰਾਮ ਦਾ ਅਪਗ੍ਰੇਡ ਵਰਜ਼ਨ ਪਾਸਪੋਰਟ ਸੇਵਾ ਪ੍ਰੋਗਰਾਮ (ਪੀਐਸਪੀ) 2.0 ਲਾਗੂ ਕਰ ਦਿੱਤਾ ਹੈ, ਜਿਸ ਨਾਲ ਸੁਰੱਖਿਆ ਪ੍ਰਣਾਲੀ ਹੋਰ ਮਜ਼ਬੂਤ ਹੋ ਗਈ ਹੈ | ਇਸਦੇ ਤਹਿਤ ਹੁਣ ਈ-ਪਾਸਪੋਰਟ ਜਾਰੀ ਕੀਤੇ ਜਾ ਰਹੇ ਹਨ, ਜਿਸ ਨਾਲ ਅਰਜ਼ੀ ਪ੍ਰਕਿਰਿਆ ਪਹਿਲਾਂ ਨਾਲੋਂ ਤੇਜ਼, ਪਾਰਦਰਸ਼ੀ ਅਤੇ ਸੁਰੱਖਿਅਤ ਬਣ ਗਈ ਹੈ | ਨਵੀਂ ਪ੍ਰਣਾਲੀ ਵਿਚ ਆਰਟੀਫਿਸ਼ਲ ਇੰਟੈਲੀਜੈਂਸ (ਏ.ਆਈ.) ਤੇ ਡਾਟਾ ਐਨਾਲਿਟਿਕਸ ਦੀ ਵਰਤੋਂ ਕਰਕੇ ਅਰਜ਼ੀਦਾਰਾਂ ਦੀ ਜਾਣਕਾਰੀ ਦਾ ਦੇਸ਼ ਭਰ ਦੇ ਵੱਖ-ਵੱਖ ਰਿਕਾਰਡ ਨਾਲ ਮਿਲਾਨ ਕੀਤਾ ਜਾ ਰਿਹਾ ਹੈ | ਫਿੰਗਰ-ਪਿ੍ੰਟ, ਆਈ ਰੇਟੀਨਾ ਤੇ ਫੇਸ ਰੈਕੋਗਨੀਸ਼ਨ ਵਰਗੇ ਬਾਇਓਮੈਟਿ੍ਕ ਢੰਗਾਂ ਰਾਹੀਂ ਤਸਦੀਕ ਕੀਤੀ ਜਾਂਦੀ ਹੈ | ਜੇ ਕੋਈ ਵਿਅਕਤੀ ਨਾਮ, ਪਤਾ ਜਾਂ ਦਸਤਾਵੇਜ਼ ਬਦਲ ਕੇ ਅਰਜ਼ੀ ਦਿੰਦਾ ਹੈ ਤਾਂ ਸਿਸਟਮ ਤੁਰੰਤ ਸ਼ੱਕੀ ਗਤੀਵਿਧੀ ਨੂੰ ਪਛਾਣ ਕੇ ਅਲਰਟ ਜਾਰੀ ਕਰ ਦਿੰਦਾ ਹੈ | ਅਧਿਕਾਰਕ ਜਾਣਕਾਰੀ ਮੁਤਾਬਕ ਅਜਿਹੇ ਮਾਮਲਿਆਂ ਨੂੰ ਤੁਰੰਤ ਜਾਂਚ ਲਈ ਪਛਾਣ ਕਰਕੇ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਂਦੀ ਹੈ, ਜਿਸ ਨਾਲ ਫਰਜ਼ੀਵਾੜੇ ਦਾ ਸ਼ੁਰੂਆਤੀ ਪੱਧਰ 'ਤੇ ਹੀ ਪਤਾ ਲੱਗ ਸਕਦਾ ਹੈ | ਪਹਿਲਾਂ ਜਿੱਥੇ ਇਸ ਤਰ੍ਹਾਂ ਦੇ ਕੇਸਾਂ ਦੀ ਜਾਂਚ ਵਿਚ ਕਾਫੀ ਸਮਾਂ ਲੱਗਦਾ ਸੀ, ਉੱਥੇ ਹੁਣ ਪੀਐਸਪੀ 2.0 ਦੇ ਨਾਲ ਸ਼ੱਕੀ ਪੈਟਰਨ ਤੁਰੰਤ ਸਾਹਮਣੇ ਆ ਜਾਂਦੇ ਹਨ | ਈ-ਪਾਸਪੋਰਟ ਇਸ ਦਿਸ਼ਾ ਵਿਚ ਇੱਕ ਮਹੱਤਵਪੂਰਨ ਕਦਮ ਹੈ | ਇਸ ਵਿਚ ਲੱਗੀ ਇਲੈਕਟ੍ਰਾਨਿਕ ਚਿਪ ਵਿਚ ਪਾਸਪੋਰਟ ਧਾਰਕ ਦੀ ਨਿੱਜੀ ਅਤੇ ਬਾਇਓਮੈਟਿ੍ਕ ਜਾਣਕਾਰੀ ਸੁਰੱਖਿਅਤ ਰਹਿੰਦੀ ਹੈ | ਇਸ ਦੌਰਾਨ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਦੋਸ਼ੀਆਂ ਨੇ ਫਰਜ਼ੀ ਆਧਾਰ ਕਾਰਡ, ਜਨਮ ਪ੍ਰਮਾਣ ਪੱਤਰ ਅਤੇ ਡਰਾਈਵਿੰਗ ਲਾਇਸੈਂਸ ਦੀ ਮਦਦ ਨਾਲ ਵੱਖ-ਵੱਖ ਪਛਾਣਾਂ ਬਣਾਕੇ ਪਾਸਪੋਰਟ ਲਈ ਅਰਜ਼ੀਆਂ ਦਿੱਤੀਆਂ | ਡਿਲਿਵਰੀ ਪ੍ਰਕਿਰਿਆ ਵਿਚ ਵੀ ਹੇਰਾਫੇਰੀ ਦੇ ਯਤਨ ਕੀਤੇ ਗਏ | ਜਾਂਚ ਏਜੰਸੀਆਂ ਨੂੰ ਇਸ ਮਾਮਲੇ ਵਿਚ ਕੁਝ ਲੋਕਾਂ ਦੀ ਮਿਲੀਭੁਗਤ ਦੇ ਸੰਕੇਤ ਮਿਲੇ ਸਨ, ਜਿਸ ਤੋਂ ਬਾਅਦ ਸੰਬੰਧਿਤ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |