ਚੰਡੀਗੜ੍ਹ, 19 ਅਪ੍ਰੈਲ (ਸੰਦੀਪ ਕੁਮਾਰ ਮਾਹਨਾ)-ਉਸਾਰੀ ਖੇਤਰ ਵਿਚ ਲਗਾਤਾਰ ਵਧ ਰਹੀ ਮਹਿੰਗਾਈ ਨੇ ਆਮ ਆਦਮੀ ਦੀ ਕਮਰ ਤੋੜ ਦਿੱਤੀ ਹੈ | ਖ਼ਾਸ ਤੌਰ 'ਤੇ ਇੱਟਾਂ ਦੀਆਂ ਕੀਮਤਾਂ 'ਚ ਹੋਏ ਭਾਰੀ ਵਾਧੇ ਕਾਰਨ ਘਰ ਬਣਾਉਣ ਦਾ ਖਰਚ ਕਾਫ਼ੀ ਵਧ ਗਿਆ ਹੈ, ਜਿਸ ਨਾਲ ਲੋਕਾਂ ਲਈ ਆਪਣੇ ਘਰ ਦਾ ਸੁਪਨਾ ਪੂਰਾ ਕਰਨਾ ਹੁਣ ਦਿਨੋਂ-ਦਿਨ ਔਖਾ ਬਣਦਾ ਜਾ ਰਿਹਾ ਹੈ | ਬਾਜ਼ਾਰ 'ਚ ਅੱਵਲ ਦਰਜੇ ਦੀ ਇੱਟ ਜੋ ਕੁਝ ਸਮਾਂ ਪਹਿਲਾਂ ਪ੍ਰਤੀ ਇੱਟ ਕਰੀਬ 6 ਰੁਪਏ 'ਚ ਮਿਲਦੀ ਸੀ, ਉਹ ਹੁਣ ਵਧ ਕੇ 9 ਰੁਪਏ ਤੱਕ ਪਹੁੰਚ ਗਈ ਹੈ | ਇੱਕ ਹਜ਼ਾਰ ਇੱਟਾਂ ਦੀ ਕੀਮਤ ਵੀ ਲਗਭਗ 7000 ਰੁਪਏ ਤੋਂ ਵਧ ਕੇ 8500 ਤੋਂ 9000 ਰੁਪਏ ਤੱਕ ਹੋ ਗਈ ਹੈ | ਥੋੜੇ੍ਹ ਸਮੇਂ ਵਿਚ ਹੋਇਆ ਇਹ ਵਾਧਾ ਨਿਰਮਾਣ ਖੇਤਰ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ | ਇੱਟਾਂ ਦੇ ਨਾਲ-ਨਾਲ ਹੋਰ ਬਿਲਡਿੰਗ ਮਟੀਰੀਅਲ ਦੀਆਂ ਕੀਮਤਾਂ ਵੀ ਲਗਾਤਾਰ ਵਧ ਰਹੀਆਂ ਹਨ | ਸੀਮੈਂਟ ਦੀ ਇੱਕ ਬੋਰੀ ਪਿਛਲੇ ਇੱਕ ਮਹੀਨੇ ਵਿਚ ਕਰੀਬ 25 ਰੁਪਏ ਮਹਿੰਗੀ ਹੋ ਗਈ ਹੈ | ਸਰੀਏ ਦੀ ਕੀਮਤ, ਜੋ ਪਹਿਲਾਂ 55 ਰੁਪਏ ਪ੍ਰਤੀ ਕਿੱਲੋ ਸੀ, ਹੁਣ 65 ਤੋਂ 70 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਹੈ | ਇਸ ਤੋਂ ਇਲਾਵਾ ਰੇਤ ਅਤੇ ਬਜਰੀ ਦੀਆਂ ਕੀਮਤਾਂ 'ਚ ਵੀ ਭਾਰੀ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜਿਸ ਨਾਲ ਕੁੱਲ ਨਿਰਮਾਣ ਲਾਗਤ ਵਿਚ ਵੱਡਾ ਇਜ਼ਾਫਾ ਹੋਇਆ ਹੈ | ਉਸਾਰੀ ਖੇਤਰ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤਾਂ 'ਚ 100 ਗਜ਼ ਦਾ ਸਧਾਰਨ ਘਰ ਬਣਾਉਣ ਲਈ ਪਹਿਲਾਂ ਨਾਲੋਂ 3 ਤੋਂ 5 ਲੱਖ ਰੁਪਏ ਵੱਧ ਖ਼ਰਚ ਆ ਰਿਹਾ ਹੈ | ਇੱਟਾਂ ਦੀਆਂ ਕੀਮਤਾਂ 'ਚ ਵਾਧੇ ਦਾ ਮੁੱਖ ਕਾਰਨ ਕੋਲੇ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਨੂੰ ਮੰਨਿਆ ਜਾ ਰਿਹਾ ਹੈ | ਭੱਠਾ ਮਾਲਕਾਂ ਮੁਤਾਬਕ ਕੋਲੇ ਦੀਆਂ ਕੀਮਤਾਂ ਵਿਚ ਰੋਜ਼ਾਨਾ ਉਤਾਰ-ਚੜ੍ਹਾਅ ਹੋ ਰਿਹਾ ਹੈ ਤੇ ਕਈ ਵਾਰ ਇੱਕ ਹੀ ਰਾਤ ਵਿਚ ਹੀ 1000 ਰੁਪਏ ਤੱਕ ਵਾਧਾ ਹੋ ਜਾਂਦਾ ਹੈ, ਜਿਸ ਦਾ ਸਿੱਧਾ ਅਸਰ ਇੱਟਾਂ ਦੀ ਉਤਪਾਦਨ ਲਾਗਤ 'ਤੇ ਪੈਂਦਾ ਹੈ | ਇਸ ਤੋਂ ਇਲਾਵਾ, ਇੱਟਾਂ ਦੇ ਨਿਰਮਾਣ ਵਿਚ ਵਰਤੇ ਜਾਣ ਵਾਲੇ ਆਮਦ ਕੋਲੇ ਦੀ ਲਾਜ਼ਮੀ ਵਰਤੋਂ ਵੀ ਲਾਗਤ ਵਧਣ ਦਾ ਇੱਕ ਵੱਡਾ ਕਾਰਨ ਬਣੀ ਹੋਈ ਹੈ, ਕਿਉਂਕਿ ਇਹ ਕੋਲਾ ਪ੍ਰਦੂਸ਼ਣ ਘੱਟ ਕਰਨ ਲਈ ਸਰਕਾਰੀ ਮਾਪਦੰਡਾਂ ਅਨੁਸਾਰ ਵਰਤਿਆ ਜਾਂਦਾ ਹੈ | ਨਾਲ ਹੀ ਮਿੱਟੀ ਦੀਆਂ ਵਧਦੀਆਂ ਕੀਮਤਾਂ ਅਤੇ ਖੁਦਾਈ 'ਤੇ ਲੱਗੀਆਂ ਪਾਬੰਦੀਆਂ ਨੇ ਭੱਠਾ ਮਾਲਕਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ | ਡੀਜ਼ਲ ਤੇ ਪੈਟਰੋਲ ਦੀਆਂ ਉੱਚੀਆਂ ਕੀਮਤਾਂ ਕਾਰਨ ਟਰਾਂਸਪੋਰਟ ਖਰਚ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸਦਾ ਅਸਰ ਸਿੱਧੇ ਤੌਰ 'ਤੇ ਸਾਰੇ ਬਿਲਡਿੰਗ ਮੈਟੀਰੀਅਲ 'ਤੇ ਪੈ ਰਿਹਾ ਹੈ | ਇਸ ਨਾਲ ਹੀ ਅੰਤਰਰਾਸ਼ਟਰੀ ਪੱਧਰ 'ਤੇ ਬਣ ਰਹੇ ਤਣਾਅ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਨੇ ਵੀ ਉਸਾਰੀ ਖੇਤਰ 'ਤੇ ਦਬਾਅ ਬਣਾਇਆ ਹੋਇਆ ਹੈ | ਬਿਲਡਿੰਗ ਮਟੀਰੀਅਲ ਦੀ ਵਧਦੀ ਮਹਿੰਗਾਈ ਨੇ ਨਿਰਮਾਣ ਖੇਤਰ ਨੂੰ ਪ੍ਰਭਾਵਿਤ ਕਰਦੇ ਹੋਏ ਆਮ ਆਦਮੀ ਲਈ ਘਰ ਬਣਾਉਣਾ ਕਾਫ਼ੀ ਮਹਿੰਗਾ ਅਤੇ ਚੁਣੌਤੀਪੂਰਨ ਬਣਾ ਦਿੱਤਾ ਹੈ | ਜੇਕਰ ਕੀਮਤਾਂ 'ਤੇ ਜਲਦੀ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ |
ਇੱਟਾਂ ਦੇ ਰੇਟਾਂ 'ਚ ਭਾਰੀ ਵਾਧਾ, ਘਰ ਬਣਾਉਣਾ ਆਮ ਆਦਮੀ ਲਈ ਬਣਿਆ ਚੁਣੌਤੀ <br/>
ਅਜੀਤ ਡੈਸਕ
20-04-2026