ਸੰਗਰੂਰ, 20 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਤਰ੍ਹਾਂ ਝੂਠ ਬੋਲ ਰਹੇ ਹਨ, ਕਿਉਂਕਿ 16 ਤੋਂ 18 ਅਪ੍ਰੈਲ ਤੱਕ ਲੋਕ ਸਭਾ ਵਿਚ ਮਸਲਾ ਰਾਖਵੇਂਕਰਨ ਨਾਲ ਜੁੜਿਆ ਹੋਇਆ ਨਹੀਂ ਸੀ ਬਲਕਿ ਮਸਲਾ ਡੀ ਲਿਮੀਟੇਸ਼ਨ (ਹੱਦਬੰਦੀ) ਬਿੱਲ ਨਾਲ ਸਬੰਧਿਤ ਸੀ | ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਾਣ ਬੁਝ ਕੇ ਅਜਿਹਾ ਸਮਾਂ ਕੇਂਦਰ ਸਰਕਾਰ ਨੇ ਬਿੱਲ ਪੇਸ਼ ਕਰਨ ਲਈ ਚੁਣਿਆ ਜਦ ਤਾਮਿਲਨਾਡੂ ਅਤੇ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਤਾਂ ਜੋ ਟੀ.ਐਮ.ਸੀ., ਡੀ.ਐਮ.ਕੇ. ਦੇ ਲੋਕ ਸਭਾ ਮੈਂਬਰ ਚੋਣਾਂ ਦੌਰਾਨ ਵਿਅਸਤ ਹੋਣ ਕਾਰਨ ਸੈਸ਼ਨ ਦਾ ਹਿੱਸਾ ਹੀ ਨਾ ਬਣ ਸਕਣ | ਅਮਰ ਸਿੰਘ ਨੇ ਕਿਹਾ ਕਿ ਪੂਰੀ ਵਿਰੋਧੀ ਧਿਰ ਇਸ ਗੱਲ ਦੀ ਵਧਾਈ ਦੀ ਪਾਤਰ ਹੈ, ਜਿਸ ਨੇ ਭਾਜਪਾ ਸਰਕਾਰ ਦੇ ਨਾਪਾਕ ਇਰਾਦਿਆਂ ਜਿਸ ਤਹਿਤ ਉਹ ਹਿੰਦੁਸਤਾਨ ਦਾ ਰਾਜਨੀਤਕ ਨਕਸ਼ਾ ਹੀ ਬਦਲ ਦੇਣਾ ਚਾਹੁੰਦੀ ਸੀ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਹੈ | ਇਸ ਮੌਕੇ ਹਾਜ਼ਰ ਹੋਰ ਆਗੂਆਂ ਵਿਚ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ, ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਸਾਬਕਾ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਰਾਜਾ ਬੀਰ ਕਲਾਂ, ਸਾਬਕਾ ਚੇਅਰਮੈਨ ਸੁਭਾਸ਼ ਗਰੋਵਰ, ਬਲਾਕ ਪ੍ਰਧਾਨ ਰੌਕੀ ਬਾਂਸਲ, ਕੁਲਜੀਤ ਸਿੰਘ ਤੂਰ ਬਡਰੁੱਖਾ, ਹਰਪਾਲ ਸਿੰਘ ਸੋਨੂ, ਸਨਮੀਕ ਹੈਨਰੀ ਲਹਿਰਾ, ਬਿੰਦਰ ਬਾਂਸਲ ਪ੍ਰਦੇਸ਼ ਕਾਂਗਰਸ ਕਮੇਟੀ ਮੈਂਬਰ ਪਰਮਿੰਦਰ ਸ਼ਰਮਾ, ਹਰਦੀਪ ਸਿੰਘ ਦੌਲਤਪੁਰਾ, ਸਤਨਾਮ ਸੱਤਾ, ਤਰਲੋਕ ਸਿੰਘ ਭੰਗੂ, ਦਰਸ਼ਨ ਸਿੰਘ ਕਾਂਗੜਾ, ਰਵੀ ਚਾਵਲਾ, ਖੇਮ ਚੰਦ ਸ਼ਰਮਾ ਆਦਿ ਹਾਜ਼ਰ ਸਨ |
ਭਾਜਪਾ ਦੇਸ਼ ਦਾ ਰਾਜਨੀਤਕ ਨਕਸ਼ਾ ਬਦਲਣ ਲਈ ਪੱਬਾਂ ਭਾਰ - ਡਾ. ਅਮਰ ਸਿੰਘ <br/>
ਮੈਂਬਰ ਪਾਰਲੀਮੈਂਟ ਅਮਰ ਸਿੰਘ ਗੱਲਬਾਤ ਕਰਦੇ ਹੋਏ ਨਾਲ ਸੁਰਿੰਦਰਪਾਲ ਸਿੰਘ ਸਿਬੀਆ, ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ, ਦਲਵੀਰ ਸਿੰਘ ਗੋਲਡੀ ਸਾਬਕਾ ਵਿਧਾਇਕ ਸਮੇਤ ਹੋਰ ਆਗੂ | ਤਸਵੀਰ: ਮੁਕੇਸ਼ ਕੁਮਾਰ <br/>
21-04-2026