ਅੰਮਿ੍ਤਸਰ, 20 ਅਪ੍ਰੈਲ (ਜਸਵੰਤ ਸਿੰਘ ਜੱਸ)-ਕਾਰ ਸੇਵਾ ਸੰਪਰਦਾਇ ਸਰਹਾਲੀ ਸਾਹਿਬ ਵਲੋਂ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਪੁਰਬ ਮਨਾਉਣ ਲਈ ਕਰੀਬ 40 ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਸ਼ਾਮ ਇਥੋਂ ਹਾਵੜਾ ਰੇਲਗੱਡੀ ਰਾਹੀਂ ਜੈਕਾਰਿਆਂ ਦੀ ਗੂੰਜ 'ਚ ਬੰਗਲਾਦੇਸ਼ ਲਈ ਰਵਾਨਾ ਹੋਇਆ | ਸੰਪਰਦਾਇ ਦੇ ਸਕੱਤਰ ਹਰਭਜਨ ਸਿੰਘ ਸੰਧੂ ਅਤੇ ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਬੋਰਡ, ਕੋਲਕਾਤਾ ਦੇ ਪ੍ਰਧਾਨ ਅਜਾਇਬ ਸਿੰਘ ਬੋਪਾਰਾਏ ਦੀ ਅਗਵਾਈ ਵਿਚ ਰਵਾਨਾ ਹੋਏ ਇਸ ਜਥੇ ਨੂੰ ਸੰਪਰਦਾਇ ਵਲੋਂ ਜਥੇਦਾਰ ਬਾਬਾ ਬੀਰਾ ਸਿੰਘ ਨੇ ਸੰਗਤ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਹਰਭਜਨ ਸਿੰਘ ਸੰਧੂ ਨੇ ਦੱਸਿਆ ਕਿ ਕਾਰ ਸੇਵਾ ਸੰਪਰਦਾਇ ਸਰਹਾਲੀ ਸਾਹਿਬ ਵਲੋਂ ਬੰਗਲਾਦੇਸ਼ ਦੇ ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ ਸਾਲ ਵਿਚ ਦੋ ਵਾਰ ਸਿੱਖ ਸੰਗਤਾਂ ਨੂੰ ਬੰਗਲਾਦੇਸ਼ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਹ ਜਥਾ, ਜੋ ਅੱਜ ਅੰਮਿ੍ਤਸਰ ਰੇਲਵੇ ਸਟੇਸ਼ਨ ਤੋਂ ਹਾਵੜਾ ਮੇਲ ਰੇਲਗੱਡੀ ਰਾਹੀਂ ਬੰਗਲਾਦੇਸ਼ ਲਈ ਰਵਾਨਾ ਹੋਇਆ, 22 ਅਪ੍ਰੈਲ ਸਵੇਰੇ ਹਾਵੜਾ (ਕੋਲਕਾਤਾ) ਪਹੁੰਚੇਗਾ ਅਤੇ 23 ਅਪ੍ਰੈਲ ਸ਼ਾਮ ਨੂੰ ਅੰਤਰਰਾਸ਼ਟਰੀ ਬੱਸਾਂ ਰਾਹੀਂ ਢਾਕਾ (ਬੰਗਲਾਦੇਸ਼) ਪਹੁੰਚੇਗਾ | ਗੁਰਦੁਆਰਾ ਨਾਨਕਸ਼ਾਹੀ ਢਾਕਾ ਵਿਖੇ 24 ਅਪ੍ਰੈਲ ਨੂੰ ਹੋ ਰਹੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਵਿਚ ਸ਼ਾਮਿਲ ਹੋਵੇਗਾ |
40 ਸਿੱਖ ਸ਼ਰਧਾਲੂਆਂ ਦਾ ਜਥਾ ਅੰਮਿ੍ਤਸਰ ਤੋਂ ਬੰਗਲਾਦੇਸ਼ ਲਈ ਰਵਾਨਾ <br/>
ਜਥੇ ਦੀ ਰਵਾਨਗੀ ਮੌਕੇ ਜਥੇਦਾਰ ਬਾਬਾ ਬੀਰਾ ਸਿੰਘ, ਜਥਾ ਲੀਡਰ ਹਰਭਜਨ ਸਿੰਘ ਸੰਧੂ, ਜਥਾ ਯਾਤਰੀਆਂ ਸੁਰਿੰਦਰ ਸਿੰਘ ਸੋਹਲ ਤੇ ਹੋਰਨਾਂ ਨੂੰ ਸਨਮਾਨਿਤ ਕਰਦੇ ਹੋਏ | ਤਸਵੀਰ : ਹਰਜੀਤ ਸਿੰਘ<br/>
21-04-2026