ਮੂਣਕ, 20 ਅਪ੍ਰੈਲ (ਕੇਵਲ ਸਿੰਗਲਾ)-ਇਸ ਸਾਲ ਐਲ ਨੀਨੋ ਦੇ ਸੰਭਾਵਿਤ ਪ੍ਰਭਾਵ ਕਾਰਨ ਦੇਸ਼ ਵਿਚ ਮਾਨਸੂਨ ਕਮਜ਼ੋਰ ਰਹਿਣ ਦੇ ਆਸਾਰ ਜਤਾਏ ਜਾ ਰਹੇ ਹਨ | ਇਸ ਦਾ ਸਿੱਧਾ ਅਸਰ ਪੰਜਾਬ ਸਮੇਤ ਕਈ ਰਾਜਾਂ ਦੀ ਖੇਤੀਬਾੜੀ 'ਤੇ ਪੈ ਸਕਦਾ ਹੈ | ਵਿਗਿਆਨਕ ਅਨੁਮਾਨਾਂ ਮੁਤਾਬਕ ਵਰਖਾ ਆਮ ਨਾਲੋਂ ਲਗਭਗ 5 ਤੋਂ 15 ਫ਼ੀਸਦੀ ਘੱਟ ਰਹਿ ਸਕਦੀ ਹੈ, ਜਦਕਿ ਕੁੱਝ ਖੇਤਰਾਂ ਵਿਚ ਇਹ ਘਾਟਾ 20 ਫ਼ੀਸਦੀ ਤੱਕ ਵੀ ਪਹੁੰਚ ਸਕਦਾ ਹੈ | ਹਾਲਾਂਕਿ ਐਲ ਨੀਨੋ ਦੇ ਪ੍ਰਭਾਵ ਨਾਲ ਕਈ ਥਾਵਾਂ 'ਤੇ ਅਸਧਾਰਣ ਬਾਰਸ਼ ਵੀ ਹੋ ਸਕਦੀ ਹੈ | ਕਈ ਵਾਰ ਲੰਮੇ ਸੋਕੇ ਤੋਂ ਬਾਅਦ ਅਚਾਨਕ ਤੇਜ਼ ਵਰਖਾ ਵੀ ਦਰਜ ਕੀਤੀ ਜਾਂਦੀ ਹੈ | ਮਾਹਿਰਾਂ ਦਾ ਕਹਿਣਾ ਹੈ ਕਿ ਹੋਰ ਮੌਸਮੀ ਕਾਰਕ ਵੀ ਐਲ ਨੀਨੋ ਦੇ ਪ੍ਰਭਾਵ ਨੂੰ ਘਟਾ ਸਕਦੇ ਹਨ | ਕੇਂਦਰ ਸਰਕਾਰ ਨੇ ਸੰਭਾਵੀ ਸੋਕੇ ਵਰਗੇ ਹਾਲਾਤਾਂ ਨਾਲ ਨਜਿੱਠਣ ਲਈ ਖ਼ਰੀਫ਼ ਅਤੇ ਆਉਣ ਵਾਲੀ ਰਬੀ ਫ਼ਸਲ ਲਈ ਬੀਜਾਂ ਦਾ ਪ੍ਰਚੁਰ ਸਟਾਕ ਇਕੱਠਾ ਕਰ ਲਿਆ ਹੈ | ਐਮਰਜੈਂਸੀ ਹਾਲਾਤਾਂ ਲਈ ਵੱਖਰੇ ਰਿਜ਼ਰਵ ਵੀ ਤਿਆਰ ਕੀਤੇ ਗਏ ਹਨ, ਤਾਂ ਜੋ ਮੌਸਮ ਖ਼ਰਾਬ ਹੋਣ ਜਾਂ ਦੁਬਾਰਾ ਬਿਜਾਈ ਦੀ ਲੋੜ ਪੈਣ 'ਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ | ਮਾਹਿਰਾਂ ਅਨੁਸਾਰ ਹਾਲਾਂਕਿ 2000 ਤੋਂ 2016 ਦੇ ਐਲ ਨੀਨੋ ਸਾਲਾਂ ਦੇ ਮੁਕਾਬਲੇ ਹੁਣ ਹਾਲਾਤ ਕਾਫੀ ਸੁਧਰੇ ਹਨ | ਮਾਈਕ੍ਰੋ-ਸਿੰਚਾਈ ਪ੍ਰਣਾਲੀਆਂ, ਮੌਸਮ-ਰੋਧੀ ਬੀਜ ਅਤੇ ਅਗਾਹੀ ਪ੍ਰਣਾਲੀਆਂ ਨਾਲ ਖੇਤੀ ਖੇਤਰ ਵਿਚ ਜ਼ੋਖ਼ਮ ਘੱਟਿਆ ਹੈ | ਖ਼ਰੀਫ਼ ਮੌਸਮ ਦੀ ਮੁੱਖ ਫ਼ਸਲ ਧਾਨ (ਝੋਨਾ) ਵਿਚ ਪਿਛਲੇ ਸਾਲਾਂ ਨਾਲੋਂ ਸਥਿਰਤਾ ਆਈ ਹੈ, ਪਰ ਘੱਟ ਬਾਰਸ਼ ਜਾਂ ਮਾਨਸੂਨ ਦੀ ਦੇਰੀ ਕਾਰਨ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ | ਪੰਜਾਬ ਵਰਗੇ ਰਾਜਾਂ ਵਿਚ, ਜਿੱਥੇ ਝੋਨੇ ਦੀ ਵੱਡੇ ਪੱਧਰ 'ਤੇ ਬਿਜਾਈ ਹੁੰਦੀ ਹੈ, ਇਹ ਚਿੰਤਾ ਹੋਰ ਵੀ ਵੱਧ ਜਾਂਦੀ ਹੈ | ਕੇਂਦਰੀ ਖੇਤੀ ਮੰਤਰਾਲੇ ਨੇ ਰਾਜ ਸਰਕਾਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕਿਸਾਨਾਂ ਨੂੰ ਸੁੱਕਾ-ਸਹਿਨਸ਼ੀਲ ਕਿਸਮਾਂ ਤੇ ਦੇਰੀ ਨਾਲ ਬਿਜਾਈ ਦੇ ਵਿਕਲਪਾਂ ਬਾਰੇ ਜਾਗਰੂਕ ਕੀਤਾ ਜਾਵੇ | ਮੌਸਮ ਅਤੇ ਫ਼ਸਲ ਦੀ ਨਿਗਰਾਨੀ ਲਈ ਕੇਂਦਰ ਅਤੇ ਰਾਜਾਂ ਵਿਚਕਾਰ ਸਹਿਯੋਗ ਨਾਲ ਵਿਸ਼ੇਸ਼ ਪ੍ਰਣਾਲੀ ਵੀ ਚਾਲੂ ਕੀਤੀ ਗਈ ਹੈ, ਜਿਸ ਨਾਲ ਤੁਰੰਤ ਫ਼ੈਸਲੇ ਲਏ ਜਾ ਸਕਣ | ਐਲ ਨੀਨੋ ਇੱਕ ਮੌਸਮੀ ਪ੍ਰਕਿਰਿਆ ਹੈ, ਜਿਸ 'ਚ ਪ੍ਰਸ਼ਾਂਤ ਮਹਾਂਸਾਗਰ ਦੇ ਪਾਣੀ ਦਾ ਤਾਪਮਾਨ ਵੱਧ ਜਾਂਦਾ ਹੈ | ਇਸ ਦਾ ਪ੍ਰਭਾਵ ਦੱਖਣੀ ਏਸ਼ੀਆ ਦੇ ਮਾਨਸੂਨ 'ਤੇ ਪੈਂਦਾ ਹੈ, ਜਿਸ ਨਾਲ ਭਾਰਤ ਵਿਚ ਘੱਟ ਬਾਰਸ਼ ਅਤੇ ਸੋਕੇ ਦੇ ਹਾਲਾਤ ਬਣ ਸਕਦੇ ਹਨ | ਮਾਨਸੂਨ ਦੀ ਹਾਲਤ ਸਿਰਫ਼ ਖੇਤੀਬਾੜੀ ਹੀ ਨਹੀਂ, ਸਗੋਂ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਨਾਲ ਵੀ ਜੁੜੀ ਹੋਈ ਹੈ | ਐਲ ਨੀਨੋ ਦੇ ਸੰਕੇਤ ਕਿਸਾਨਾਂ ਲਈ ਚਿਤਾਵਨੀ ਹਨ, ਪਰ ਸਹੀ ਯੋਜਨਾ ਅਤੇ ਤਿਆਰੀ ਨਾਲ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ |