ਚੰਡੀਗੜ੍ਹ, 21 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ 'ਤੇ ਬਣ ਰਹੀ ਟੈਲੀਵਿਜ਼ਨ ਸੀਰੀਜ਼ 'ਲਾਰੈਂਸ ਆਫ਼ ਪੰਜਾਬ' 'ਤੇ ਸਖ਼ਤ ਇਤਰਾਜ਼ ਜਤਾਇਆ ਹੈ | ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਗੈਂਗਸਟਰ ਕਲਚਰ ਨੂੰ ਵਧਾਏਗੀ ਤੇ ਉਸਦੀ ਵਡਿਆਈ ਕਰੇਗੀ, ਸਗੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਤੌਹੀਨ ਵੀ ਹੋਵੇਗੀ, ਕਿਉਂਕਿ ਗੁਰੂਆਂ, ਰਿਸ਼ੀਆਂ ਅਤੇ ਪੀਰਾਂ ਦੀ ਇਸ ਪਵਿੱਤਰ ਧਰਤੀ ਨੂੰ ਇਕ ਖ਼ਤਰਨਾਕ ਗੈਂਗਸਟਰ ਨਾਲ ਜੋੜਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬਿਸ਼ਨੋਈ ਅਤੇ ਉਸਦਾ ਗਰੋਹ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਸਮੇਤ ਸੈਂਕੜਿਆਂ ਬੇਗੁਨਾਹ ਲੋਕਾਂ ਦੇ ਕਤਲਾਂ ਲਈ ਜ਼ਿੰਮੇਵਾਰ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਟੀ.ਵੀ. ਸੀਰੀਜ਼ ਨੌਜਵਾਨਾਂ ਨੂੰ ਗ਼ਲਤ ਸੰਦੇਸ਼ ਦੇਵੇਗੀ, ਜਿਸ ਵਿਚ ਅਜਿਹੇ ਵਿਅਕਤੀ ਦੀ ਵਡਿਆਈ ਹੋਵੇਗੀ, ਜਿਸਦੀ ਨਿੰਦਾ ਹੋਣੀ ਚਾਹੀਦੀ ਹੈ | ਉਕਤ ਸੀਰੀਜ਼ ਦੇ ਪ੍ਰਸਾਰਨ 'ਤੇ ਪੂਰੀ ਤਰ੍ਹਾਂ ਰੋਕ ਲਗਾਏ ਜਾਣ ਦੀ ਮੰਗ ਕਰਦਿਆਂ, ਉਨ੍ਹਾਂ ਨੇ ਇਸਦੇ ਨਿਰਮਾਤਾਵਾਂ ਦੀ ਸੋਚ 'ਤੇ ਸਵਾਲ ਉਠਾਏ ਹਨ ਕਿ ਉਹ ਅਪਰਾਧ ਅਤੇ ਹਿੰਸਾ ਦੇ ਕਲਚਰ ਨੂੰ ਕਿਉਂ ਵਧਾਉਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਉਹ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਦੀ ਵਡਿਆਈ ਕਰਨ ਅਤੇ ਇਸ ਟੀ.ਵੀ ਸੀਰੀਜ਼ ਦੇ ਪ੍ਰਸਾਰਨ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਕ ਜਨਹਿਤ ਪਟੀਸ਼ਨ ਵੀ ਦਾਖ਼ਲ ਕਰਨਗੇ |
ਵੜਿੰਗ ਨੇ 'ਲਾਰੈਂਸ ਆਫ਼ ਪੰਜਾਬ' ਟੀ.ਵੀ. ਸੀਰੀਜ਼ 'ਤੇ ਜਤਾਇਆ ਸਖ਼ਤ ਇਤਰਾਜ਼
ਅਜੀਤ ਡੈਸਕ
22-04-2026