ਡੂਸਬਰਗ (ਜਰਮਨੀ), 21 ਅਪ੍ਰੈਲ (ਇੰਟ.)-ਜਰਮਨੀ ਦੇ ਇਕ ਗੁਰਦੁਆਰੇ 'ਚ 2 ਧੜਿਆਂ ਵਿਚਕਾਰ ਹੋਈ ਹਿੰਸਕ ਝੜਪ 'ਚ 11 ਲੋਕ ਜ਼ਖ਼ਮੀ ਹੋ ਗਏ | ਇਹ ਘਟਨਾ ਐਤਵਾਰ ਨੂੰ ਮੋਅਰਸ ਸ਼ਹਿਰ ਦੇ ਉੱਤਰੀ ਰਾਈਨ-ਵੈਸਟਫਾਲੀਆ ਖੇਤਰ ਦੇ ਅੰਦਰ ਡੂਸਬਰਗ 'ਚ ਸਥਿਤ ਗੁਰਦੁਆਰਾ ਸਿੰਘ ਸਭਾ 'ਚ ਵਾਪਰੀ | ਗੁਰਦੁਆਰੇ ਦੇ ਅੰਦਰ 40 ਤੋਂ ਵੱਧ ਲੋਕਾਂ ਦਾ ਟਕਰਾਅ ਹੋਇਆ ਤੇ ਕਿਰਪਾਨਾਂ ਵੀ ਲਹਿਰਾਈਆਂ ਗਈਆਂ | ਇਹ ਵੀ ਖਬਰਾਂ ਹਨ ਕਿ ਟਕਰਾਅ ਦੌਰਾਨ ਗੋਲੀਆਂ ਵੀ ਚਲਾਈਆਂ ਗਈਆਂ ਪਰ ਕਿਸੇ ਨੂੰ ਗੋਲੀ ਲੱਗਣ ਦੀ ਕੋਈ ਖਬਰ ਨਹੀਂ ਹੈ | ਗੁਰਦੁਆਰੇ ਵਿਚ ਹੋਈ ਝੜਪ ਤੋਂ ਬਾਅਦ, ਪੁਲਿਸ ਨੇ ਖੇਤਰ 'ਚ ਵਿਸ਼ੇਸ਼ ਪੁਲਿਸ ਤਾਇਨਾਤ ਕੀਤੀ | ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਹਾਲਾਂਕਿ ਝਗੜੇ ਦੇ ਪਿੱਛੇ ਅਧਿਕਾਰਤ ਕਾਰਨ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ | ਸੂਚਨਾ ਅਨੁਸਾਰ ਦੋਵਾਂ ਧੜਿਆਂ ਵਿਚਕਾਰ ਝੜਪ ਗੁਰਦੁਆਰੇ ਦੇ ਵਿੱਤ ਤੇ ਪ੍ਰਬੰਧਨ ਸੰਬੰਧੀ ਵਿਵਾਦਾਂ ਤੋਂ ਪੈਦਾ ਹੋਈ ਸੀ | ਸਥਾਨਕ ਨਿਵਾਸੀਆਂ ਨੇ ਇਸ ਹਿੰਸਾ ਦਾ ਕਾਰਨ ਗੁਰਦੁਆਰਾ ਭਾਈਚਾਰੇ ਦੇ ਅੰਦਰ ਲੰਬੇ ਸਮੇਂ ਤੋਂ ਚੱਲ ਰਹੇ ਅੰਦਰੂਨੀ ਵਿਵਾਦਾਂ ਨੂੰ ਦੱਸਿਆ ਹੈ | ਉਨ੍ਹਾਂ ਦੱਸਿਆ ਕਿ 2 ਧੜੇ ਗੁਰਦੁਆਰਾ ਕਮੇਟੀ 'ਤੇ ਨਿਯੰਤਰਣ ਤੇ ਪ੍ਰਭਾਵ ਦੇ ਮੁੱਦਿਆਂ ਦੇ ਨਾਲ-ਨਾਲ ਵਿੱਤੀ ਮਤਭੇਦਾਂ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਏ |
ਜਰਮਨੀ ਦੇ ਗੁਰਦੁਆਰਾ ਸਾਹਿਬ 'ਚ 2 ਧੜਿਆਂ ਵਿਚਕਾਰ ਹਿੰਸਕ ਝੜਪ-11 ਜ਼ਖ਼ਮੀ <br/>
ਅਜੀਤ ਡੈਸਕ
22-04-2026