ਤਲਵੰਡੀ ਸਾਬੋ (ਬਠਿੰਡਾ), 23 ਅਪ੍ਰੈਲ (ਰਣਜੀਤ ਸਿੰਘ ਰਾਜੂ)-ਨਸ਼ੇੜੀ ਦੱਸੇ ਜਾਂਦੇ ਵਿਅਕਤੀਆਂ ਨੂੰ ਪੈਸੇ ਦੇਣ ਤੋਂ ਇਨਕਾਰ ਕਰਨ 'ਤੇ ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਇਕ ਨੌਜਵਾਨ ਨੂੰ ਕੁੱਟ-ਕੁੱਟ ਮਾਰਨ ਦੀ ਖਬਰ ਹੈ | ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਤੱਕ ਮਿ੍ਤਕ ਦੇਹ ਦਾ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਭਾਗੀਵਾਂਦਰ ਦਾ ਹਰਜੀਤ ਸਿੰਘ (26) ਪੁੱਤਰ ਬਿੱਲੂ ਸਿੰਘ ਬੀਤੀ ਰਾਤ ਦਿਹਾੜੀ (ਮਜ਼ਦੂਰੀ) ਕਰਕੇ ਵਾਪਿਸ ਘਰ ਆ ਰਿਹਾ ਸੀ ਤਾਂ ਉਸ ਦੇ ਗੁਆਂਢ ਵਿਚ ਰਹਿੰਦੇ ਦੋ ਵਿਅਕਤੀਆਂ ਵਲੋਂ ਉਸ ਨੂੰ ਘੇਰ ਕੇ ਮਾੜੀ ਸ਼ਬਦਾਵਲੀ ਬੋਲਦਿਆਂ ਲੋਹੇ ਦੀਆਂ ਰਾਡਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ | ਮਿ੍ਤਕ ਦੇ ਭਰਾ ਗੁਲਾਬ ਸਿੰਘ ਵਲੋਂ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ ਜਦੋਂ ਮੈਨੂੰ ਆਪਣੇ ਭਰਾ ਦੀ ਕੁੱਟਮਾਰ ਕੀਤੇ ਜਾਣ ਦਾ ਪਤਾ ਲੱਗਾ ਤਾਂ ਮੈਂ ਉਸ ਨੰੂ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਰੌਲਾ ਵਧਦਾ ਦੇਖ ਕੇ ਹਮਲਾਵਰ ਫਰਾਰ ਹੋ ਗਏ | ਜ਼ਖ਼ਮੀ ਹਲਾਤ ਵਿਚ ਹਰਜੀਤ ਸਿੰਘ ਨੂੰ ਦੇਰ ਰਾਤ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਥਾਣਾ ਤਲਵੰਡੀ ਸਾਬੋ ਦੇ ਮੁਖੀ ਅਮਰੀਕ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ | ਪੁਲਿਸ ਨੇ ਮਿ੍ਤਕ ਦੇ ਭਰਾ ਗੁਲਾਬ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਹਰਪ੍ਰੀਤ ਸਿੰਘ ਉਰਫ਼ ਨਿੱਕਾ ਅਤੇ ਗੁਰਪ੍ਰੀਤ ਸਿੰਘ ਪੁੱਤਰਾਨ ਕਾਕਾ ਸਿੰਘ ਵਾਸੀਆਨ ਭਾਗੀਵਾਂਦਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਡੀ.ਐੱਸ.ਪੀ. ਜਸਜੋਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਟੀਮਾਂ ਗਠਿਤ ਕਰ ਦਿੱਤੀਆਂ ਹਨ |
ਨਸ਼ੇੜੀਆਂ ਨੇ ਪੈਸੇ ਨਾ ਦੇਣ 'ਤੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਿਆ-ਦੋ ਖ਼ਿਲਾਫ਼ ਮਾਮਲਾ ਦਰਜ <br/>
ਅਜੀਤ ਡੈਸਕ
24-04-2026