ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਬੱਸ ਕੰਡਕਟਰ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਨਿਊ ਗੋਲਡਨ ਕੰਪਨੀ ਦੇ ਕੰਡਕਟਰ ਸਿਕੰਦਰ ਸਿੰਘ ਵਾਸੀ ਪਿੰਡ ਬਾੜੂਦੀ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਪੁਲਿਸ ਨੇ ਸੁਖਵਿੰਦਰ ਸਿੰਘ, ਜਸਪ੍ਰੀਤ ਸਿੰਘ ਅਤੇ ਜਗਤਾਰ ਸਿੰਘ ਅਤੇ ਉਨ੍ਹਾਂ ਦੇ ਦੋ ਹੋਰ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਬੱਸ ਲੈ ਕੇ ਜਾ ਰਿਹਾ ਸੀ ਤਾਂ ਜਗਤਾਰ ਸਿੰਘ ਉਸ ਨਾਲ ਕਿਰਾਏ ਨੂੰ ਲੈ ਕੇ ਉਲਝ ਪਿਆ | ਉਕਤ ਕਥਿਤ ਦੋਸ਼ੀ ਵਲੋਂ ਆਪਣੇ ਸਾਥੀ ਬੁਲਾ ਲਏ ਤੇ ਉਸ ਦੀ ਬੂਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ | ਬਾਅਦ ਵਿਚ ਇਹ ਕਥਿਤ ਦੋਸ਼ੀ ਉਸ ਨੂੰ ਧਮਕੀਆਂ ਦੇ ਕੇ ਫ਼ਰਾਰ ਹੋ ਗਏ | ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |