ਅੰਮਿ੍ਤਸਰ, 27 ਅਪ੍ਰੈਲ (ਜਸਵੰਤ ਸਿੰਘ ਜੱਸ)-ਅਕਾਲੀ ਦਲ (ਪੁਨਰ ਸੁਰਜੀਤ) ਨਾਲ ਸਬੰਧਿਤ ਤਿੰਨ ਸ਼ੋ੍ਰਮਣੀ ਕਮੇਟੀ ਮੈਂਬਰਾਂ ਤੇ ਅਕਾਲੀ ਆਗੂਆਂ ਦੇ ਵਫ਼ਦ ਨੇ ਸ਼ੋ੍ਰਮਣੀ ਕਮੇਟੀ ਮੈਂਬਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਦੀ ਅਗਵਾਈ ਵਿਚ ਅੱਜ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ਼ਿਕਾਇਤ ਪੱਤਰ ਸੌਂਪ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 2 ਦਸੰਬਰ 2024 ਨੂੰ ਜਾਰੀ ਹੋਏ ਹੁਕਮਨਾਮਿਆਂ ਨੂੰ ਸਾਜਿਸ਼ ਦੱਸਣ ਦੇ ਮਾਮਲੇ ਵਿਚ ਉਸ ਨੂੰ ਫੌਰੀ ਤਲਬ ਕਰਕੇ ਉਸ ਤੋਂ ਇਸ ਹੁਕਮਨਾਮੇ ਨੂੰ ਸਾਜਿਸ਼ ਕਹਿਣ ਦੇ ਸਬੂਤ ਮੰਗੇ ਜਾਣ ਤੇ ਜੇ ਗਲਤ ਬਿਆਨੀ ਕੀਤੀ ਹੈ ਤਾਂ ਉਸ ਨੂੰ ਪੰਥ 'ਚੋਂ ਛੇਕਿਆ ਜਾਵੇ | ਵਿਰੋਧੀ ਧਿਰ ਨਾਲ ਸੰਬੰਧਤ ਤਿੰਨ ਸ਼ੋ੍ਰਮਣੀ ਕਮੇਟੀ ਮੈਂਬਰਾਂ ਮਾਸਟਰ ਕਾਹਨੇਕੇ, ਜਥੇ: ਅਮਰੀਕ ਸਿੰਘ ਸ਼ਾਹਪੁਰ ਅਤੇ ਰਾਮਪਾਲ ਸਿੰਘ ਬਹਿਣੀਵਾਲ ਤੋਂ ਇਲਾਵਾ ਦਲ ਨਾਲ ਸੰਬੰਧਿਤ ਹੋਰਨਾਂ ਅਕਾਲੀ ਆਗੂਆਂ ਨੇ ਜਥੇਦਾਰ ਗੜਗੱਜ ਨਾਲ ਅਕਾਲ ਤਖਤ ਸਕੱਤਰੇਤ ਵਿਖੇ ਕਰੀਬ ਇੱਕ ਘੰਟਾ ਮੁਲਾਕਾਤ ਦੌਰਾਨ ਦਿੱਤੇ ਉਕਤ ਸ਼ਿਕਾਇਤ ਪੱਤਰ ਵਿਚ ਦੋਸ਼ ਲਾਇਆ ਕਿ ਬੀਤੀ 6 ਅਪ੍ਰੈਲ ਨੂੰ ਅਕਾਲੀ ਦਲ (ਬ) ਦੀ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਇਲਜ਼ਾਮ ਲਾਇਆ ਸੀ ਕਿ ਦੋ ਦਸੰਬਰ 2024 ਨੂੰ ਅਕਾਲ ਤਖਤ ਸਾਹਿਬ 'ਤੇ ਜੋ ਹੁਕਮਨਾਮੇ ਹੋਏ, ਉਹ ਮੈਨੂੰ ਮਰਵਾਉਣ ਤੇ ਉਸਨੂੰ ਰਾਜਨੀਤੀ ਵਿਚੋਂ ਬਾਹਰ ਕਰਨ ਦੀ ਸਾਜਿਸ਼ ਸਨ | ਉਨ੍ਹਾਂ ਕਿਹਾ ਕਿ ਇਹ ਪੰਚ ਪ੍ਰਧਾਨੀ ਮਰਿਆਦਾ ਤੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਸਿੱਧੀ ਚੁਣੌਤੀ ਹੈ | ਹਾਲਾਂਕਿ ਉਸਨੇ ਉਸ ਵੇਲੇ ਇਨ੍ਹਾਂ ਹੁਕਮਨਾਮਿਆਂ ਨੂੰ ਮੰਨਿਆ ਵੀ ਸੀ ਅਤੇ ਦੋਸ਼ੀ ਪਾਏ ਜਾਣ 'ਤੇ ਲਗਾਈ ਗਈ ਧਾਰਮਿਕ ਤਨਖਾਹ ਵੀ ਪੂਰੀ ਕੀਤੀ ਸੀ | ਉਨ੍ਹਾਂ ਮੰਗ ਕੀਤੀ ਕਿ ਅਕਾਲ ਤਖਤ ਸਾਹਿਬ ਦੇ ਸਿਧਾਂਤ 'ਤੇ ਪਹਿਰਾ ਦਿੰਦੇ ਹੋਏ ਤੇ ਅਜਿਹੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜਾ ਕਰਕੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਸੁਖਬੀਰ ਸਿੰਘ ਬਾਦਲ ਨੂੰ ਫੌਰੀ ਤਲਬ ਕਰਕੇ ਉਸਤੋਂ ਇਸ ਹੁਕਮਨਾਮੇ ਨੂੰ ਸਾਜਿਸ਼ ਕਹਿਣ ਦੇ ਸਬੂਤ ਮੰਗੇ ਜਾਣ ਅਤੇ ਜੇ ਗਲਤ ਬਿਆਨੀ ਕੀਤੀ ਹੈ ਤਾਂ ਉਸ ਨੂੰ ਪੰਥ 'ਚੋਂ ਛੇਕਿਆ ਜਾਵੇ | ਇਸਦੇ ਨਾਲ ਹੀ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਵੀ ਜਵਾਬ ਤਲਬੀ ਕੀਤੀ ਜਾਵੇ ਕਿ ਉਹ ਹੁਕਮਨਾਮਿਆਂ ਨੂੰ ਲਾਗੂ ਕਰਾਉਣ ਦੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ, ਪੰਚ ਪ੍ਰਧਾਨੀ ਪ੍ਰੰਪਰਾ ਦੀ ਤੌਹੀਨ ਕਿਵੇਂ ਅਤੇ ਕਿਸ ਮਜ਼ਬੂਰੀ ਤਹਿਤ ਸਹਿਣ ਕਰ ਰਹੇ ਹਨ | ਕਾਰਜਕਾਰੀ ਜਥੇਦਾਰ ਨੂੰ ਮੰਗ ਪੱਤਰ ਦੇਣ ਤੇ ਮੁਲਾਕਾਤ ਕਰਨ ਤੋਂ ਬਾਅਦ ਮਾਸਟਰ ਕਾਹਨੇਕੇ ਤੇ ਜਥੇ: ਸ਼ਾਹਪੁਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਥੇਦਾਰ ਨੇ ਭਰੋਸਾ ਦਿੱਤਾ ਹੈ ਕਿ ਇਸ ਪੱਤਰ 'ਤੇ ਪੂਰਨ ਵਿਚਾਰ ਕਰਨਗੇ | ਇਥੇ ਜ਼ਿਕਰਯੋਗ ਹੈ ਕਿ ਅਕਾਲੀ ਦਲ ਪੁਨਰ ਸੁਰਜੀਤ ਨਾਲ ਸੰਬੰਧਿਤ ਦੋ ਸਥਾਨਕ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਅਤੇ ਬੀਬੀ ਕਿਰਨਜੋਤ ਕੌਰ ਅੱਜ ਦੇ ਵਫਦ ਵਿਚ ਸ਼ਾਮਿਲ ਨਹੀਂ ਸਨ, ਜਦੋਂਕਿ ਦਲ ਦੇ ਸਥਾਨਕ ਆਗੂ ਮਨਿੰਦਰ ਸਿੰਘ ਧੁੰਨਾ, ਮਧੂਪਾਲ ਸਿੰਘ ਗੋਗਾ, ਸੁਖਰਾਜ ਸਿੰਘ ਸੋਹਲ, ਬਿਕਰਮਜੀਤ ਸਿੰਘ ਨਵਾਂ ਪਿੰਡ ਤੇ ਹੋਰ ਆਗੂ ਵੀ ਹਾਜ਼ਰ ਸਨ |