ਅੰਮਿ੍ਤਸਰ, 27 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦ੍ਰੋਹੀ ਸਮੂਹ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਸਮੂਹ ਦੇ ਹਥਿਆਰਬੰਦ ਲੜਾਕਿਆਂ ਨੇ 15 ਅਪ੍ਰੈਲ ਤੋਂ 25 ਅਪ੍ਰੈਲ ਦੇ ਵਿਚਕਾਰ ਪਾਕਿਸਤਾਨੀ ਸੁਰੱਖਿਆ ਬਲਾਂ 'ਤੇ 27 ਹਮਲੇ ਕੀਤੇ | ਬੀ. ਐੱਲ. ਏ. ਦੇ ਬੁਲਾਰੇ ਜੀਂਦ ਬਲੋਚ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਸਮੂਹ ਦੇ ਲੜਾਕਿਆਂ ਨੇ ਆਈ. ਈ. ਡੀ. ਧਮਾਕਿਆਂ, ਘਾਤ ਲਗਾਉਣ, ਛਾਪੇਮਾਰੀ ਅਤੇ ਡਰੋਨ ਹਮਲਿਆਂ ਰਾਹੀਂ ਪਾਕਿਸਤਾਨੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ | ਬੀ. ਐੱਲ. ਏ. ਨੇ ਦਾਅਵਾ ਕੀਤਾ ਕਿ ਉਕਤ ਹਮਲਿਆਂ 'ਚ 42 ਪਾਕਿਸਤਾਨੀ ਸੁਰੱਖਿਆ ਕਰਮਚਾਰੀ ਮਾਰੇ ਗਏ, ਕਈ ਹੋਰ ਜ਼ਖਮੀ ਹੋਏ ਅਤੇ ਇਕ ਸਿਪਾਹੀ ਨੂੰ ਕਾਬੂ ਕੀਤਾ ਗਿਆ | ਬੀ. ਐੱਲ. ਏ. ਨੇ ਕਈ ਪਾਕਿਸਤਾਨੀ ਸੁਰੱਖਿਆ ਚੌਕੀਆਂ 'ਤੇ ਕਬਜ਼ਾ ਕਰਨ ਅਤੇ ਹਥਿਆਰ ਜ਼ਬਤ ਕਰਨ ਦਾ ਵੀ ਦਾਅਵਾ ਕੀਤਾ | ਬਿਆਨ 'ਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਹਮਲੇ ਤੋਂ ਬਾਅਦ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਨਾਗਰਿਕ ਇਲਾਕਿਆਂ 'ਚ ਹਮਲਾ ਕੀਤਾ, ਜਿਸ ਦੌਰਾਨ 11 ਨਿਰਦੋਸ਼ ਲੋਕ ਮਾਰੇ ਗਏ |