ਅੰਮਿ੍ਤਸਰ, 27 ਅਪ੍ਰੈਲ (ਸੁਰਿੰਦਰ ਕੋਛੜ)-ਪੰਜਾਬ ਅਤੇ ਖ਼ਾਸ ਤੌਰ 'ਤੇ ਅੰਮਿ੍ਤਸਰ ਵਿਚਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਇਤਿਹਾਸਕ ਤੇ ਵਿਰਾਸਤੀ ਸਮਾਰਕਾਂ ਦੇ ਪ੍ਰਚਾਰ ਲਈ ਸਰਕਾਰ ਦੇ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਵਲੋਂ ਵਿਸ਼ੇਸ਼ ਉਪਰਾਲੇ ਨਾ ਕੀਤੇ ਜਾਣ ਕਰਕੇ 2.76 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ 'ਵਾਰੀਅਰ ਆਫ਼ ਪੰਜਾਬ' (ਪੰਜਾਬ ਦੇ ਯੋਧੇ) ਲਾਈਟ ਐਂਡ ਸਾਊਾਡ ਲੇਜ਼ਰ ਸ਼ੋਅ ਢਾਈ ਵਰ੍ਹੇ ਬਾਅਦ ਵੀ ਸਥਾਨਕ ਦਰਸ਼ਕਾਂ ਤੇ ਸੈਲਾਨੀਆਂ 'ਚ ਆਪਣੀ ਕੋਈ ਵਿਸ਼ੇਸ਼ ਜਗ੍ਹਾ ਨਹੀਂ ਬਣਾ ਸਕਿਆ ਹੈ | 'ਅਜੀਤ' ਵਲੋਂ ਪ੍ਰਮੁੱਖਤਾ ਨਾਲ ਇਹ ਮਾਮਲਾ ਸਾਹਮਣੇ ਲਿਆਉਣ ਤੋਂ ਬਾਅਦ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਉਕਤ ਸ਼ੋਅ ਅਤੇ ਸ਼ੇਰ-ਏ-ਪੰਜਾਬ ਦੇ ਅੰਮਿ੍ਤਸਰ ਸਥਿਤ ਸ਼ਾਹੀ ਮਹਿਲ ਬਾਰੇ ਵੱਡੇ ਪੱਧਰ 'ਤੇ ਪ੍ਰਚਾਰ ਆਰੰਭ ਕਰਨ ਸੰਬੰਧੀ ਜਾਰੀ ਕੀਤੇ 'ਆਦੇਸ਼ਾਂ' 'ਤੇ 76 ਦਿਨ ਬੀਤ ਜਾਣ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਹੈ | ਜਿਸ ਕਾਰਨ ਇਨ੍ਹਾਂ 'ਆਦੇਸ਼ਾਂ' 'ਤੇ ਪ੍ਰਸ਼ਨ ਚਿੰਨ੍ਹ ਲੱਗਾ ਹੋਇਆ ਹੈ | ਦੱਸਣਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ ਵਿਖੇ ਰੋਜ਼ਾਨਾ ਸ਼ਾਮ 6.45 ਵਜੇ ਬਿਲਕੁਲ ਮੁਫ਼ਤ ਵਿਖਾਏ ਜਾਣ ਵਾਲੇ ਇਸ ਸ਼ੋਅ 'ਚ ਸਿਰਫ਼ ਗਿਣਤੀ ਦੇ ਹੀ ਲੋਕ ਪਹੁੰਚ ਰਹੇ ਹਨ ਅਤੇ ਕਈ ਦਿਨਾਂ 'ਚ ਤਾਂ ਉਹ ਵੀ ਨਹੀਂ ਪਹੁੰਚਦੇ | ਇਸ ਦਾ ਮੁੱਖ ਕਾਰਨ ਸ਼ੋਅ ਬਾਰੇ ਸਰਕਾਰੀ ਪੱਧਰ 'ਤੇ ਪ੍ਰਚਾਰ ਦੀ ਘਾਟ ਦੱਸਿਆ ਜਾ ਰਿਹਾ ਹੈ | ਵਿਰਾਸਤ ਪ੍ਰੇਮੀਆਂ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਅੰਮਿ੍ਤਸਰ ਸਮੇਤ ਸਥਾਨਕ ਰਾਮ ਬਾਗ (ਕੰਪਨੀ ਬਾਗ ਵਜੋਂ ਮਸ਼ਹੂਰ) ਵਿਖੇ ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ ਦੇ ਚੁਫੇਰੇ ਵੱਡੇ-ਛੋਟੇ ਕਈ ਸਰਕਾਰੀ ਪ੍ਰਚਾਰ ਵਾਲੇ ਹੋਰਡਿੰਗ ਅਤੇ ਫਲੈਕਸ ਲਗਾਈਆਂ ਗਈਆਂ ਹਨ, ਜਦਕਿ ਇਨ੍ਹਾਂ 'ਚੋਂ ਇਕ ਵੀ ਇਸ਼ਤਿਹਾਰੀ ਪੋਸਟਰ ਅਜਿਹਾ ਨਹੀਂ ਹੈ, ਜਿਸ 'ਤੇ ਲੇਜ਼ਰ ਸ਼ੋਅ ਚੱਲਣ ਬਾਰੇ ਜਾਂ ਇਸ ਨੂੰ ਵਿਖਾਏ ਜਾਣ ਵਾਲੇ ਸਮੇਂ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਹੋਵੇ |