ਰੂਪਨਗਰ/ਨਵਾਂਸ਼ਹਿਰ, 27 ਅਪ੍ਰੈਲ (ਸਤਨਾਮ ਸਿੰਘ ਸੱਤੀ, ਜਸਬੀਰ ਸਿੰਘ ਨੂਰਪੁਰ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜ ਪੱਧਰੀ ਸਮਾਗਮਾਂ ਦੀ ਸ਼ੁਰੂਆਤ ਨਹਿਰੂ ਸਟੇਡੀਅਮ, ਰੂਪਨਗਰ ਵਿਖੇ ਪਹਿਲੇ ਵਿਸ਼ਾਲ ਅਧਿਆਤਮਕ ਕੀਰਤਨ ਦਰਬਾਰ ਨਾਲ ਕੀਤੀ ਗਈ | ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕਰਦਿਆਂ ਇਲਾਹੀ ਬਾਣੀ ਦਾ ਆਨੰਦ ਮਾਣਿਆ | ਸਮਾਗਮ ਵਿਚ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਅਤੇ ਭਾਈ ਦਵਿੰਦਰ ਸਿੰਘ ਸੋਢੀ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ, ਜਿਸ ਨਾਲ ਸੰਗਤਾਂ ਅਧਿਆਤਮਕ ਰੰਗ ਵਿਚ ਰੰਗੀਆਂ ਗਈਆਂ | ਇਸ ਤੋਂ ਬਾਅਦ ਭਾਈ ਗੁਰਮੀਤ ਸਿੰਘ ਨੇ ਕਥਾ ਵਿਚਾਰ ਰਾਹੀਂ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਇਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਗੁਰੂ ਰਵਿਦਾਸ ਜੀ ਦੇ ਸਰਬ-ਸਾਂਝੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਾਲ ਭਰ ਸਮਾਗਮ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਸੂਬੇ ਦੇ ਹਰ ਜ਼ਿਲ੍ਹੇ ਵਿਚ ਅਧਿਆਤਮਕ ਕੀਰਤਨ ਦਰਬਾਰ ਲਗਾਏ ਜਾਣਗੇ, ਜਿਨ੍ਹਾਂ ਦੀ ਸ਼ੁਰੂਆਤ ਰੂਪਨਗਰ ਤੋਂ ਹੋਈ ਹੈ | ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਡੇਰਾ ਸੱਚਖੰਡ ਬੱਲਾਂ ਨੇੜੇ 'ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ' ਲਈ 10 ਏਕੜ ਜ਼ਮੀਨ ਖਰੀਦੀ ਗਈ ਹੈ | ਇਸ ਕੇਂਦਰ ਵਿਚ 750 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਹੋਵੇਗੀ ਅਤੇ ਇੱਥੇ ਗੁਰੂ ਜੀ ਦੀ ਬਾਣੀ, ਵਿਚਾਰਧਾਰਾ ਅਤੇ ਇਤਿਹਾਸਕ ਵਿਰਾਸਤ ਉੱਤੇ ਖੋਜ ਕਾਰਜ ਹੋਣਗੇ | ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਨਕਸ਼ੇ ਤਿਆਰ ਹੋ ਚੁੱਕੇ ਹਨ ਅਤੇ ਉਸਾਰੀ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ | ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ ਨੇ ਸੰਗਤਾਂ ਨੂੰ ਗੁਰੂ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ | ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਆਏ ਮਹਿਮਾਨਾਂ ਅਤੇ ਸੰਗਤਾਂ ਦਾ ਸਵਾਗਤ ਕੀਤਾ | ਉਨ੍ਹਾਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ | ਸਮਾਗਮ ਦੌਰਾਨ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਹੈੱਡ ਦਰਬਾਰ ਸਮੇਤ ਕਈ ਧਾਰਮਿਕ ਸੰਤ-ਮਹਾਤਮਾ, ਜਨ ਪ੍ਰਤਿਨਿਧੀ, ਪ੍ਰਸ਼ਾਸਨਿਕ ਅਧਿਕਾਰੀ ਅਤੇ ਸਥਾਨਕ ਆਗੂ ਵੀ ਹਾਜ਼ਰ ਸਨ | ਸਮਾਗਮ ਦੌਰਾਨ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮੁਖੀ ਸੰਤ ਬਾਬਾ ਕੇਵਲ ਸਿੰਘ, ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਪ੍ਰਧਾਨ ਸੰਤ ਸਤਵਿੰਦਰਜੀਤ ਸਿੰਘ ਹੀਰਾ, ਡੇਰਾ ਮਸਤ ਬਾਬਾ ਸ਼ਾਮ ਜੀ ਮਹਾਰਾਜ ਝੱਜ ਦੇ ਸੁਆਮੀ ਅਨਮੁਲਕਾ ਨੰਦ, ਡੇਰਾ ਪੁਸ਼ਪਾ ਨੰਦ ਉਦਾਸੀਨ ਆਸ਼ਰਮ ਬੱਸੀ ਪਠਾਣਾਂ ਦੇ ਮਹੰਤ ਬਲਵਿੰਦਰ ਦਾਸ, ਡੇਰਾ ਮਹਾਂ ਪੁਰੀ ਚੱਬੇਵਾਲ ਦੇ ਸੰਤ ਬਲਵੀਰ ਦਾਸ, ਗੁਰਦੁਆਰਾ ਟਿੱਬੀ ਸਾਹਿਬ ਦੇ ਜਥੇਦਾਰ ਜਗਮਿੰਦਰ ਸਿੰਘ, ਅਤੇ ਸ੍ਰੀ ਚਰਨ ਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੇ ਮੁਖੀ ਸੰਤ ਸੁਰਿੰਦਰ ਦਾਸ ਸਮੇਤ ਕਈ ਸਤਿਕਾਰਯੋਗ ਧਾਰਮਿਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਵਿਧਾਇਕ ਸ੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ, ਦਿੱਲੀ ਦੇ ਵਿਧਾਇਕ ਅਜੈ ਦੱਤ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿ੍ਸ਼ਨ ਸਿੰਘ, ਡਿਪਟੀ ਕਮਿਸ਼ਨਰ ਰੂਪਨਗਰ ਆਦਿਤਿਆ ਦਚਲਵਾਲ, ਐਸ.ਐਸ.ਪੀ. ਰੂਪਨਗਰ ਮਨਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਚੰਦਰਜੋਤੀ ਸਿੰਘ, ਐਸ.ਪੀ. ਅਰਵਿੰਦ ਮੀਨਾ, ਸਹਾਇਕ ਕਮਿਸ਼ਨਰ ਪ੍ਰਦੀਪ ਸਿੰਘ ਬੈਂਸ, ਐਸ.ਡੀ.ਐਮ. ਰੂਪਨਗਰ ਜਸਪ੍ਰੀਤ ਸਿੰਘ ਅਤੇ ਡੀ.ਪੀ.ਆਰ.ਓ. ਕਰਨ ਮਹਿਤਾ ਸ਼ਾਮਿਲ ਸਨ |