ਚੰਡੀਗੜ੍ਹ, 1 ਮਈ (ਸੰਦੀਪ ਕੁਮਾਰ ਮਾਹਨਾ)-ਦੇਸ਼ ਦੇ ਪ੍ਰਮੁੱਖ ਉਦਯੋਗਿਕ ਸਮੂਹਾਂ ਵਿਚੋਂ ਇੱਕ ਟਰਾਈਡੈਂਟ ਗਰੁੱਪ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਦੇ ਸਿਆਸੀ ਪੱਖ ਬਦਲਣ ਤੋਂ ਤੁਰੰਤ ਬਾਅਦ ਪੰਜਾਬ ਪ੍ਰਦੂਸ਼ਣ ਨਿਯੰਤਰਨ ਬੋਰਡ ਵਲੋਂ ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਗਈ ਹੈ | ਕੰਪਨੀ ਨੇ ਅਦਾਲਤ ਨੂੰ ਦੱਸਿਆ ਕਿ 1990 'ਚ ਸਥਾਪਿਤ ਇਹ ਗਰੁੱਪ ਲਗਭਗ 15 ਹਜ਼ਾਰ ਕਰਮਚਾਰੀਆਂ ਵਾਲਾ ਅਤੇ ਸਾਰੇ ਵਾਤਾਵਰਨ ਮਾਪਦੰਡਾਂ ਦੀ ਪਾਲਣਾ ਕਰਨ ਵਾਲਾ ਸੰਸਥਾਨ ਹੈ | ਪਟੀਸ਼ਨ ਅਨੁਸਾਰ 24 ਅਪ੍ਰੈਲ 2026 ਨੂੰ ਰਾਜਿੰਦਰ ਗੁਪਤਾ ਦੇ ਰਾਜਨੀਤਿਕ ਬਦਲਾਅ ਤੋਂ ਬਾਅਦ ਪ੍ਰਬੰਧਨ ਨੂੰ ਧਮਕੀਆਂ ਮਿਲਣ ਲੱਗੀਆਂ | ਦੋਸ਼ ਲਗਾਇਆ ਗਿਆ ਕਿ ਇਕ ਟੀਮ ਨੇ ਫ਼ੈਕਟਰੀ 'ਚ 'ਛਾਪਾਮਾਰ ਢੰਗ' ਨਾਲ ਦਾਖਲ ਹੋ ਕੇ ਕਰਮਚਾਰੀਆਂ ਦੀ ਆਵਾਜਾਈ 'ਤੇ ਰੋਕ ਲਗਾਈ ਅਤੇ ਨਮੂਨੇ ਲੈਣ ਦੀ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ | ਕੰਪਨੀ ਨੇ ਮੰਗ ਕੀਤੀ ਕਿ ਨਮੂਨਿਆਂ ਦੀ ਜਾਂਚ ਕੇਂਦਰੀ ਏਜੰਸੀ ਤੋਂ ਕਰਵਾਈ ਜਾਵੇ | ਦੂਜੇ ਪਾਸੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਕਿ ਇਹ ਸਿਰਫ ਰੁਟੀਨ ਜਾਂਚ ਸੀ ਅਤੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ | ਅਦਾਲਤ ਨੇ ਬੋਰਡ ਦੇ ਬਿਆਨ ਨੂੰ ਦਰਜ ਕਰਦੇ ਹੋਏ ਸੋਮਵਾਰ ਤੱਕ ਕਿਸੇ ਵੀ ਸਖਤ ਕਾਰਵਾਈ 'ਤੇ ਰੋਕ ਲਾ ਦਿੱਤੀ ਅਤੇ ਮਾਮਲੇ ਦੀ ਸੁਣਵਾਈ ਟਾਲ ਦਿੱਤੀ |