ਚੰਡੀਗੜ੍ਹ, 1 ਮਈ (ਅਜੀਤ ਬਿਊਰੋ)- ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੱਜ ਨਗਰ ਨਿਗਮ ਕਮਿਸ਼ਨਰਾਂ ਅਤੇ ਵਧੀਕ ਡਿਪਟੀ ਕਮਿਸ਼ਨਰਾਂ (ਜੀ ਐਂਡ ਯੂਡੀ) ਨੂੰ ਪੰਜਾਬ ਭਰ ਵਿਚ ਲਵਾਰਸ ਕੁੱਤਿਆਂ ਦੇ ਵਧ ਰਹੇ ਖਤਰੇ ਨੂੰ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਤੁਰੰਤ, ਤਾਲਮੇਲ ਅਤੇ ਸਿੱਟਾ-ਮੁਖੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ | ਇਸ ਮੁੱਦੇ ਨੂੰ ਗੰਭੀਰ ਜਨਤਕ ਸੁਰੱਖਿਆ ਅਤੇ ਸਿਹਤ ਦਾ ਮਾਮਲਾ ਦੱਸਦਿਆਂ ਮੰਤਰੀ ਨੇ ਕਿਹਾ ਕਿ ਸ਼ਹਿਰੀ ਅਤੇ ਅਰਧ-ਸ਼ਹਿਰੀ ਖੇਤਰਾਂ ਵਿਚ ਲਵਾਰਸ ਕੁੱਤਿਆਂ ਦੀ ਵੱਧ ਰਹੀ ਗਿਣਤੀ ਨਾਗਰਿਕਾਂ ਦੇ ਰੋਜ਼-ਮਰ੍ਹਾ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੀ ਵੱਡੀ ਚੁਣੌਤੀ ਬਣ ਗਈ ਹੈ | ਮੰਤਰੀ ਅਰੋੜਾ ਨੇ ਕਿਹਾ ਕਿ ਲਵਾਰਸ ਕੁੱਤਿਆਂ ਦਾ ਖ਼ਤਰਾ ਨਾ ਸਿਰਫ਼ ਇਕ ਸੁਰੱਖਿਆ ਮੁੱਦਾ ਹੈ ਸਗੋਂ ਇੱਕ ਵੱਡਾ ਜਨਤਕ ਸਿਹਤ ਜੋਖ਼ਮ ਵੀ ਹੈ ਕਿਉਂਕਿ ਇਨ੍ਹਾਂ ਦੇ ਕੱਟਣ ਨਾਲ ਰੇਬੀਜ਼ ਵਰਗੀਆਂ ਜਾਨਲੇਵਾ ਬਿਮਾਰੀਆਂ ਹੋ ਸਕਦੀਆਂ ਹਨ | ਜਨਤਕ ਥਾਵਾਂ 'ਤੇ ਖੁੱਲ੍ਹੇ ਕੂੜੇ ਦੇ ਡੰਪ ਅਤੇ ਭੋਜਨ ਦੀ ਰਹਿੰਦ-ਖੂੰਹਦ ਇਨ੍ਹਾਂ ਕੁੱਤਿਆਂ ਦੇ ਫੈਲਣ ਦਾ ਵੱਡਾ ਕਾਰਨ ਬਣਦੀ ਹੈ | ਇਸ ਮੁੱਦੇ ਨੂੰ ਵਿਆਪਕ ਤੌਰ 'ਤੇ ਹੱਲ ਕਰਨ ਲਈ ਅਰੋੜਾ ਨੇ ਨਿਰਦੇਸ਼ ਵੀ ਜਾਰੀ ਕੀਤੇ |