ਢਿੱਲਵਾਂ (ਕਪੂਰਥਲਾ), 1 ਮਈ (ਪ੍ਰਵੀਨ ਕੁਮਾਰ)-ਬੀਤੀ ਰਾਤ ਜੀ.ਟੀ. ਰੋਡ ਢਿੱਲਵਾਂ ਦੇ ਰੇਲਵੇ ਫਲਾਈ ਓਵਰ ਨੇੜੇ ਪੈਂਦੇ ਇਕ ਪੈਲੇਸ ਨੇੜੇ ਇਕ ਨੌਜਵਾਨ ਦੀ ਕਾਰ ਵਿਚ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਪਤਾ ਚੱਲਿਆ ਹੈ | ਸੜਕ ਸੁਰੱਖਿਆ ਫੋਰਸ ਢਿਲਵਾਂ ਦੇ ਇੰਚਾਰਜ ਏ.ਐਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਉਹ ਸਾਥੀ ਕਰਮਚਾਰੀਆਂ ਨਾਲ ਜੀ.ਟੀ. ਰੋਡ 'ਤੇ ਰੁਟੀਨ ਗਸ਼ਤ ਕਰਦੇ ਹੋਏ ਜਦੋਂ ਉਕਤ ਪੈਲੇਸ ਨੇੜੇ ਪੁੱਜੇ ਤਾਂ ਸੜਕ ਕਿਨਾਰੇ ਖੜੀ ਇਕ ਕਾਰ ਵਿਚ ਇਕ ਨੌਜਵਾਨ ਖ਼ੂਨ ਨਾਲ ਲੱਥਪੱਥ ਡਰਾਈਵਰ ਸੀਟ 'ਤੇ ਪਿਆ ਸੀ, ਜਿਸ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਤੇ ਘਟਨਾ ਦੀ ਸੂਚਨਾ ਥਾਣਾ ਢਿਲਵਾਂ ਨੂੰ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਮਿ੍ਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਜੈਰਾਮਪੁਰ ਵਜੋਂ ਹੋਈ ਹੈ | ਇਸ ਸੰਬੰਧੀ ਥਾਣਾ ਢਿਲਵਾਂ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ | ਇਸੇ ਦੌਰਾਨ ਐਸ.ਐਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ ਕਪੂਰਥਲਾ ਪੁਲਿਸ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ |