07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਪਿਛਲੇ ਸਾਲ ਦੇ ਮੁਕਾਬਲੇ ਵੱਧ ਲਾਈ ਜਾ ਰਹੀ ਹੈ ਕਣਕ ਦੇ ਨਾੜ ਨੂੰ ਅੱਗ, ਹੁਣ ਤੱਕ ਸਾਹਮਣੇ ਆਏ 1418 ਮਾਮਲੇ

Ad Position 21
No active advertisement
ਅਜੀਤ ਡੈਸਕ 02-05-2026

ਜਲੰਧਰ, 1 ਮਈ (ਜਤਿੰਦਰ ਪੰਮੀ)-ਪ੍ਰਸ਼ਾਸਨ ਤੇ ਸਰਕਾਰ ਵਲੋਂ ਖੇਤਾਂ 'ਚ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਏ ਜਾਣ ਲਈ ਫੈਲਾਈ ਜਾ ਰਹੀ ਜਾਗਰੂਕਤਾ ਤੇ ਸਖ਼ਤੀ ਦਾ ਇਸ ਵਾਰ ਅਸਰ ਘੱਟ ਦੇਖਣ ਨੂੰ ਮਿਲ ਰਿਹਾ ਹੈ | ਪ੍ਰਦੂਸ਼ਣ ਵਿਭਾਗ ਵਲੋਂ ਸੈਟੇਲਾਈਟ ਰਾਹੀਂ ਇਕੱਤਰ ਕੀਤੇ ਗਏ ਅੰਕੜਿਆਂ ਮੁਤਾਬਿਕ ਮੌਜੂਦਾ ਸੀਜ਼ਨ ਦੌਰਾਨ ਸੂਬੇ ਅੰਦਰ ਕਣਕ ਦੇ ਨਾੜ ਤੇ ਰਹਿੰਦ-ਖੂੰਹਦ ਖੇਤਾਂ 'ਚ ਸਾੜਨ ਦੇ ਮਾਮਲੇ ਪਿਛਲੇ ਸਾਲ ਨਾਲੋਂ ਵੱਧ ਆ ਰਹੇ ਹਨ | ਜੇਕਰ 1 ਤੋਂ 30 ਅਪ੍ਰੈਲ ਤਕ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਪੰਜਾਬ 'ਚ 1418 ਮਾਮਲੇ ਸਾਹਮਣੇ ਆਏ ਹਨ ਜਦੋਂਕਿ 2025 ਦੇ ਸੀਜ਼ਨ ਦੌਰਾਨ ਇਸ ਮਿਤੀ ਤਕ ਸਿਰਫ਼ 800 ਮਾਮਲੇ ਹੀ ਸਾਹਮਣੇ ਆਏ ਸਨ | ਸੂਬੇ 'ਚ ਇਸ ਵਾਰ 33.07 ਲੱਖ ਹੈਕਟੇਅਰ ਰਕਬੇ 'ਚ ਕਣਕ ਦੀ ਬਿਜਾਈ ਕੀਤੀ ਗਈ ਸੀ ਅਤੇ 1 ਅਪ੍ਰੈਲ ਤੋਂ ਸ਼ੁਰੂ ਹੋਈ ਕਣਕ ਦੀ ਵਾਢੀ ਦੇ ਸੀਜ਼ਨ 'ਚ ਸ਼ੁਰੂਆਤੀ ਦੌਰ 'ਚ ਨਾੜ ਸਾੜਨ ਦੇ ਮਾਮਲੇ ਕਾਫੀ ਘੱਟ ਸਨ ਅਤੇ 21 ਅਪ੍ਰੈਲ ਤਕ ਸਿਰਫ਼ 44 ਮਾਮਲੇ ਹੀ ਦਰਜ ਕੀਤੇ ਗਏ ਸਨ | ਇਸ ਤੋਂ ਬਾਅਦ ਇਨ੍ਹਾਂ ਮਾਮਲਿਆਂ 'ਚ ਤੇਜ਼ੀ ਆ ਗਈ ਅਤੇ 22 ਤੋਂ ਲੈ ਕੇ 30 ਅਪ੍ਰੈਲ ਤਕ ਹੀ 1374 ਥਾਵਾਂ 'ਤੇ ਅੱਗ ਦੀਆਂ ਘਟਨਾਵਾਂ ਸੈਟੇਲਾਈਟ ਰਾਹੀਂ ਸਾਹਮਣੇ ਆਈਆਂ | ਜੇਕਰ ਪਿਛਲੇ ਚਾਰ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ 2022 ਤੋਂ ਬਾਅਦ ਪੰਜਾਬ ਅੰਦਰ ਕਣਕ ਦੇ ਨਾੜ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਕਾਫੀ ਘਟ ਗਈਆਂ ਸਨ | ਅੰਕੜਿਆਂ ਮੁਤਾਬਿਕ 2023 'ਚ 255 ਮਾਮਲੇ, 2024 'ਚ 146 ਮਾਮਲੇ ਅਤੇ 2025 'ਚ 800 ਮਾਮਲੇ ਆਏ ਸਨ ਹਾਲਾਂਕਿ ਇਸ ਸਾਲ ਫਿਰ ਇਨ੍ਹਾਂ ਘਟਨਾਵਾਂ 'ਚ ਵਾਧਾ ਦਰਜ ਕੀਤਾ ਗਿਆ ਹੈ | ਜੇਕਰ ਸੂਬੇ 'ਚ ਜ਼ਿਲ੍ਹਾਵਾਰ ਕਣਕ ਦੇ ਨਾੜ ਸਾੜਨ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਮਾਲਵਾ ਜ਼ੋਨ ਅੱਗੇ ਹੈ | ਮਾਲਵਾ ਜ਼ੋਨ 'ਚ ਪੈਂਦੇ ਜ਼ਿਲ੍ਹਾ ਬਠਿੰਡਾ 'ਚ 163, ਫਿਰੋਜ਼ਪੁਰ 'ਚ 159, ਮਾਨਸਾ 'ਚ 153 ਤੇ ਸੰਗਰੂਰ 'ਚ 169 ਮਾਮਲੇ ਸਾਹਮਣੇ ਆਏ ਹਨ | ਜੇਕਰ ਇਕ ਦਿਨ 'ਚ ਕਣਕ ਦੇ ਨਾੜ ਨੂੰ ਅੱਗ ਲਾਉਣ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ 29 ਅਪ੍ਰੈਲ ਨੂੰ ਸੂਬੇ ਅੰਦਰ ਸਭ ਤੋਂ ਵੱਧ ਥਾਵਾਂ 'ਤੇ ਖੇਤਾਂ 'ਚ ਅੱਗ ਦੇ ਮਾਮਲੇ ਸਾਹਮਣੇ ਆਏ, ਜਿਨ੍ਹਾਂ ਦੀ ਗਿਣਤੀ 447 ਦਰਜ ਕੀਤੀ ਗਈ | ਖੇਤਾਂ 'ਚ ਕਣਕ ਦੇ ਨਾੜ ਦੇ ਮਾਮਲਿਆਂ ਬਾਰੇ ਜ਼ਿਲ੍ਹਾ ਮੁੱਖ ਅਫ਼ਸਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਵਲੋਂ ਕਿਸਾਨਾਂ ਨੂੰ ਕਣਕ ਦੇ ਨਾੜ ਤੇ ਰਹਿੰਦ-ਖੂੰਹਦ ਨੂੰ ਖੇਤਾਂ 'ਚ ਅੱਗ ਨਾ ਲਾਉਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ | ਜਾਗਰੂਕਤਾ ਤਹਿਤ ਪਿੰਡਾਂ 'ਚ ਜਾ ਕੇ ਖੇਤੀ ਵਿਕਾਸ ਅਫਸਰਾਂ ਵਲੋਂ ਕਿਸਾਨਾਂ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਿਆ ਜਾ ਰਿਹਾ ਹੈ | ਇਸ ਤੋਂ ਇਲਾਵਾ ਵਿਭਾਗ ਵਲੋਂ ਹਰ ਜ਼ਿਲ੍ਹੇ 'ਚ ਦੋ-ਦੋ ਜਾਗਰੂਕਤਾ ਵੈਨਾਂ ਚਲਾਈਆਂ ਜਾ ਰਹੀਆਂ ਹਨ, ਜੋ ਲਗਾਤਾਰ ਖੇਤਾਂ 'ਚ ਅੱਗ ਨਾ ਲਾਉਣ ਵਾਸਤੇ ਲੋਕਾਂ ਨੂੰ ਜਾਗਰੂਕ ਕਰਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਧਾਨ ਸਭਾ 'ਚ ਕਾਂਗਰਸ ਵਿਧਾਇਕਾਂ ਵਲੋਂ ਸਪੀਕਰ ਨੂੰ ਮੰਗ ਪੱਤਰ ਮੁੱਖ ਮੰਤਰੀ, ਮੰਤਰੀ ਤੇ ਸਾਰੇ ਵਿਧਾਇਕਾਂ ਦਾ... ਅਗਲੀ ਖ਼ਬਰ ਅੱਗ ਲਾਉਣ ਵਾਲਿਆਂ ਖ਼ਿਲਾਫ਼ ਵਰਤੀ ਜਾ ਰਹੀ ਸਖ਼ਤੀ
Ad Position 24
No active advertisement