ਚੰਡੀਗੜ੍ਹ, 1 ਮਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਵਿਰੋਧੀ ਧਿਰ ਕਾਂਗਰਸ ਵਲੋਂ ਸਦਨ ਅੰਦਰ ਮੁੱਖ ਮੰਤਰੀ ਦੇ ਰਵਈਏ ਨੂੰ ਲੈ ਕੇ ਮੁੱਖ ਮੰਤਰੀ ਅਤੇ ਸਾਰੇ ਵਿਧਾਇਕਾਂ ਦਾ ਅਲਕੋਹਲ-ਮੀਟਰ ਅਤੇ ਡੋਪ ਟੈੱਸਟ ਲਾਜ਼ਮੀ ਕਰਨ ਦੀ ਮੰਗ ਨੂੰ ਲੈ ਕੇ ਸਪੀਕਰ ਨੂੰ ਮੰਗ ਪੱਤਰ ਦਿੱਤਾ ਹੈ | ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੀ.ਜੀ.ਆਈ.ਐਮ.ਈ.ਆਰ. ਮੈਡੀਕਲ ਟੀਮ ਦੁਆਰਾ ਟੈੱਸਟ ਕਰਵਾਉਣ ਦੀ ਮੰਗ ਕੀਤੀ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਜਵਾ ਨੇ ਕਿਹਾ ਕਿ ਕਾਂਗਰਸ ਵਿਧਾਇਕ ਦਲ ਨੇ ਸਦਨ ਦੀ ਮਰਿਆਦਾ ਅਤੇ ਪਵਿੱਤਰਤਾ ਕਾਇਮ ਰੱਖਣ ਲਈ ਸਾਰੇ ਵਿਧਾਇਕਾਂ ਦੀ ਤੁਰੰਤ ਅਲਕੋਮੀਟਰ ਅਤੇ ਨਸ਼ੀਲੇ ਪਦਾਰਥਾਂ ਦੀ ਜਾਂਚ ਦੀ ਸਪੱਸ਼ਟ, ਵਾਜਬ ਅਤੇ ਪਾਰਦਰਸ਼ੀ ਮੰਗ ਕੀਤੀ, ਜਿਸ ਦੀ ਸ਼ੁਰੂਆਤ ਮੁੱਖ ਮੰਤਰੀ ਤੋਂ ਹੋਣੀ ਚਾਹੀਦੀ ਹੈ | ਉਨ੍ਹਾਂ ਨੇ ਕਿਹਾ ਕਿ ਇਹ ਮੰਗ ਉਸ ਵੇਲੇ ਉੱਠੀ ਜਦੋਂ ਸਦਨ ਦੇ ਅੰਦਰ ਸੁਖਪਾਲ ਸਿੰਘ ਖਹਿਰਾ ਵਲੋਂ ਗੰਭੀਰ ਦੋਸ਼ ਲਗਾਏ ਗਏ, ਜਿਨ੍ਹਾਂ ਦਾ ਮੁੱਖ ਮੰਤਰੀ ਨੇ ਕੋਈ ਜਵਾਬ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੁਝਾਅ ਦਿੱਤਾ ਸੀ ਕਿ ਇਹ ਜਾਂਚ ਪੋਸਟ ਗੈ੍ਰਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ ਦੀ ਇਕ ਸੁਤੰਤਰ ਅਤੇ ਭਰੋਸੇਯੋਗ ਡਾਕਟਰੀ ਟੀਮ ਵਲੋਂ ਕਰਵਾਈ ਜਾਵੇ, ਜਿਸ ਦੀ ਸ਼ੁਰੂਆਤ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਤੋਂ ਹੋਵੇ ਅਤੇ ਉਸ ਤੋਂ ਬਾਅਦ ਸਾਰੇ ਵਿਧਾਇਕਾਂ ਦੀ ਜਾਂਚ ਕੀਤੀ ਜਾਵੇ, ਤਾਂ ਜੋ ਪੂਰੀ ਪਾਰਦਰਸ਼ਤਾ ਅਤੇ ਨਿਆਂਪੂਰਨਤਾ ਯਕੀਨੀ ਬਣ ਸਕੇ | ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਅਜਿਹੇ ਦੋਸ਼ਾਂ 'ਤੇ ਤੁਰੰਤ ਸਪਸ਼ਟੀਕਰਨ ਲਾਜ਼ਮੀ ਹੁੰਦਾ ਹੈ ਪਰ ਇਸ ਮਾਮਲੇ ਨੂੰ ਸਪਸ਼ਟ ਕਰਨ ਦੀ ਬਜਾਏ ਮੁੱਖ ਮੰਤਰੀ ਨੇ ਜਵਾਬਦੇਹੀ ਤੋਂ ਕਤਰਾਉਣ ਦਾ ਰਾਹ ਚੁਣਿਆ, ਜਿਸ ਨਾਲ ਲੋਕਾਂ ਦੇ ਮਨ ਵਿਚ ਸ਼ੱਕ ਹੋਰ ਮਜ਼ਬੂਤ ਹੋਇਆ ਹੈ | ਬਾਜਵਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਕਿਸੇ ਮੌਜੂਦਾ ਮੁੱਖ ਮੰਤਰੀ 'ਤੇ ਇਸ ਤਰ੍ਹਾਂ ਦੇ ਗੰਭੀਰ ਦੋਸ਼ ਲੱਗੇ ਹਨ | ਜੇ ਇਹ ਦੋਸ਼ ਸੱਚ ਹਨ, ਤਾਂ ਮੁੱਖ ਮੰਤਰੀ ਨੇ ਨਾ ਸਿਰਫ਼ ਆਪਣੀ ਪਾਰਟੀ ਦਾ, ਸਗੋਂ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਅਪਮਾਨ ਕੀਤਾ ਹੈ | ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦਿਆਂ ਬਾਜਵਾ ਨੇ ਕਿਹਾ ਕਿ ਮੈਂ ਕਈ ਵਾਰ ਕਿਹਾ ਕਿ ਜੇ ਕੇਜਰੀਵਾਲ ਆਪਣੇ ਹੀ ਮੁੱਖ ਮੰਤਰੀ ਨੂੰ ਨਸ਼ਾ-ਮੁਕਤ ਨਹੀਂ ਬਣਾ ਸਕਦੇ, ਤਾਂ ਉਹ ਪੰਜਾਬ ਨੂੰ ਨਸ਼ਾ-ਮੁਕਤ ਕਿਵੇਂ ਬਣਾਉਣਗੇ? ਉਨ੍ਹਾਂ ਕਿਹਾ ਕਿ ਇਹ ਮਾਮਲਾ ਨਿੱਜੀ ਨਹੀਂ ਸਗੋਂ ਸੰਸਥਾਗਤ ਹੈ | ਉਨ੍ਹਾਂ ਕਿਹਾ ਕਿ ਸਦਨ ਦੀ ਮਰਿਆਦਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਸੱਚਾਈ ਲੋਕਾਂ ਸਾਹਮਣੇ ਆਉਣੀ ਹੀ ਚਾਹੀਦੀ ਹੈ |