ਸੰਗਰੂਰ, 1 ਮਈ (ਅਮਨਦੀਪ ਸਿੰਘ ਬਿੱਟਾ)-ਮਜ਼ਦੂਰ ਦਿਵਸ ਮੌਕੇ ਬੇਰੁਜ਼ਗਾਰ ਸਾਂਝਾ ਮੋਰਚੇ, 543 ਬੇਰੁਜ਼ਗਾਰ ਲੈਕਚਰਾਰ ਯੂਨੀਅਨ ਅਤੇ ਕਰੋਨਾ ਵਲੰਟੀਅਰਾਂ ਵੱਲੋਂ ਅੱਜ ਕੜਕਦੀ ਧੁੱਪ 'ਚ ਮੁੱਖ ਮੰਤਰੀ ਨਿਵਾਸ ਦੇ ਘਿਰਾਓ ਦੌਰਾਨ ਪੁਲਿਸ ਨਾਲ ਜ਼ਬਰਦਸਤ ਝੜਪਾਂ ਅਤੇ ਖਿੱਚ-ਧੂਹ ਹੋਈ | ਸੁਖਵਿੰਦਰ ਸਿੰਘ ਢਿੱਲਵਾ, ਅਮਨ ਸ਼ੇਖ਼ਾ, ਹਰਜਿੰਦਰ ਸਿੰਘ ਝਨੀਰ, ਰਮਨ ਕੁਮਾਰ ਮਲੋਟ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀ ਤੜਕਸਾਰ ਤੋਂ ਹੀ ਵੇਰਕਾ ਪਲਾਂਟ ਸੰਗਰੂਰ ਵਿਖੇ ਇਕੱਠੇ ਹੋਣ ਸ਼ੁਰੂ ਹੋ ਗਏ ਸਨ ਤੇ ਬਾਅਦ ਦੁਪਹਿਰ ਉਹ ਮੁੱਖ ਮੰਤਰੀ ਨਿਵਾਸ ਵੱਲ ਵਧੇ ਪਰ ਐਸ.ਪੀ. ਰਾਜੇਸ਼ ਛਿੱਬਰ, ਡੀ.ਐਸ.ਪੀ. ਦੀਪਇੰਦਰ ਸੰਘ ਜੇਜੀ ਅਤੇ ਡੀ.ਐਸ.ਪੀ. ਮਨਦੀਪ ਕੌਰ ਚੀਮਾ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਨੇ ਜਦ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੀ ਕਈ ਵਾਰ ਝੜਪਾਂ ਅਤੇ ਧੱਕਾਮੁੱਕੀ ਹੋਈ | ਇਨ੍ਹਾਂ ਝੜਪਾਂ ਦੌਰਾਨ ਇਕ ਪ੍ਰਦਰਸ਼ਨਕਾਰੀ ਬੇਅੰਤ ਕੌਰ ਮਾਨਸਾ ਸੜਕ ਉੱਤੇ ਡਿਗ ਪਈ ਤੇ ਉਸ ਨੂੰ ਬਾਅਦ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ | ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਇਹ ਤਣਾਅਪੂਰਨ ਮਾਹੌਲ ਤਕਰੀਬਨ ਤਿੰਨ ਘੰਟੇ ਤੱਕ ਚੱਲਦਾ ਰਿਹਾ | ਮੋਰਚੇ ਦੇ ਆਗੂਆਂ ਨੇ ਜਦੋਂ ਕੋਠੀ ਵੱਲ ਮੁੜ ਵਧਣ ਦਾ ਯਤਨ ਕੀਤਾ ਤਾਂ ਪੁਲਿਸ ਨੇ ਸੁਖਵਿੰਦਰ ਸਿੰਘ ਢਿੱਲਵਾਂ, ਅਮਨ ਸ਼ੇਖ਼ਾ, ਗੁਰਪ੍ਰੀਤ ਸਿੰਘ ਪੱਕਾ ਕਲਾ, ਸ਼ਿੰਦਰਪਾਲ ਕੌਰ, ਗਗਨਦੀਪ ਕੌਰ ਆਦਿ ਨੂੰ ਹਿਰਾਸਤ ਵਿਚ ਲੈ ਲਿਆ ਪਰ ਬਾਅਦ 'ਚ ਉਨ੍ਹਾਂ ਨੂੰ ਰਿਹਾਅ ਕਰਨ ਦੇ ਨਾਲ-ਨਾਲ 13 ਮਈ ਦੀ ਕੈਬਨਿਟ ਸਬ ਕਮੇਟੀ, ਪਿ੍ੰਸੀਪਲ ਸਕੱਤਰ ਸਿੱਖਿਆ ਅਤੇ ਸਿਹਤ ਸਕੱਤਰ ਨਾਲ ਮੀਟਿੰਗ ਤੈਅ ਕਰਵਾ ਦਿੱਤੀ ਗਈ | ਇਸ ਮੌਕੇ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਦੇ ਰੇਸ਼ਮ ਸਿੰਘ ਖੇਮੂਆਣਾ, ਹਰਜੀਤ ਸਿੰਘ ਜੀਦਾ, ਸੁਖਵਿੰਦਰ ਸਿੰਘ ਗਿਰ ਜਮਹੂਰੀ ਅਧਿਕਾਰ ਸਭਾ ਦੇ ਮਨਧੀਰ ਸਿੰਘ ਤੋਂ ਇਲਾਵਾ ਮਨਜੀਤ ਕੌਰ, ਰਾਜਵੀਰ ਕੌਰ, ਕਰਨ ਸਿੰਘ, ਇੰਦਰਜੀਤ ਸਿੰਘ ਗੁਰਦਾਸਪੁਰ, ਲਲਿਤਾ ਪਟਿਆਲਾ, ਰਿੰਕੂ ਝਾੜੋ, ਜਗਸੀਰ ਸਿੰਘ ਜਲੂਰ, ਹਰਵਿੰਦਰ ਸਿੰਘ, ਸਤਪਾਲ ਸਿੰਘ, ਸੁਖਪਾਲ ਖਾਨ, ਕੁਲਦੀਪ ਭੁਟਾਲ, ਮਨਦੀਪ ਕੌਰ ਨਦਾਮਪੁਰ, ਸ਼ਿੰਦਰ ਕੌਰ, ਮਾਲਵਿੰਦਰ ਸਿੰਘ ਹਾਜ਼ਰ ਸਨ |