ਜਲੰਧਰ, 1 ਮਈ (ਐੱਮ. ਐੱਸ. ਲੋਹੀਆ) - ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਅੰਮਿ੍ਤਸਰ ਵਿਖੇ ਧਾਰਮਿਕ ਅਤੇ ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਪਹੁੰਚਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਵਲੋਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮੰਗ ਪੱਤਰ ਭੇਜਿਆ ਗਿਆ ਹੈ | ਪੱਤਰ 'ਚ ਕਿਹਾ ਗਿਆ ਹੈ ਕਿ ਸ੍ਰੀ ਅੰਮਿ੍ਤਸਰ (ਪੰਜਾਬ) ਤੇ ਨਾਂਦੇੜ (ਮਹਾਂਰਾਸ਼ਟਰ) ਸ਼ਹਿਰਾਂ ਦਾ ਸਿੱਖ ਧਰਮ 'ਚ ਵਿਸ਼ੇਸ਼ ਅਸਥਾਨ ਹੈ | ਸਿੱਖ ਧਰਮ ਦੇ ਦੋ ਵੱਡੇ ਧਾਰਮਿਕ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਇਨ੍ਹਾਂ ਸ਼ਹਿਰਾਂ 'ਚ ਸਥਿਤ ਹਨ | ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਰਧਾਲੂ ਹਜ਼ਾਰਾਂ ਦੀ ਗਿਣਤੀ 'ਚ ਰੋਜ਼ਾਨਾਂ ਇਨ੍ਹਾਂ ਸ਼ਹਿਰਾਂ 'ਚ ਆਉਂਦੇ ਹਨ | ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਤੋਂ ਇਲਾਵਾ ਅੰਮਿ੍ਤਸਰ ਵਿਖੇ ਸ੍ਰੀ ਦੁਰਗਿਆਨਾ ਤੀਰਥ ਮੰਦਰ, ਜਲਿ੍ਹਆਂਵਾਲਾ ਬਾਗ, ਰਾਮ ਤੀਰਥ ਮੰਦਰ, ਵਾਹਗਾ ਅਟਾਰੀ ਸਰਹੱਦ ਆਦਿ ਹੋਰ ਵੀ ਸੈਲਾਨੀ ਸਥਾਨ ਹਨ | ਅੰਮਿ੍ਤਸਰ ਤੋਂ ਨਾਂਦੇੜ ਲਈ ਰੋਜ਼ਾਨਾ ਇਕ ਗੱਡੀ ਚਲਦੀ ਹੈ, ਜੋ ਕਿ ਲੋੜ ਅਨੁਸਾਰ ਘੱਟ ਹੈ | ਉਨ੍ਹਾਂ ਕਿਹਾ ਕਿ ਸੰਗਤ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਇਹ ਮੰਗ ਕੀਤੀ ਜਾਂਦੀ ਹੈ ਕਿ ਉਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਇਲਾਕਿਆਂ ਦੀ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਅੰਮਿ੍ਤਸਰ ਤੋਂ ਸੱਚਖੰਡ, ਸ੍ਰੀ ਹਜ਼ੂਰ ਸਾਹਿਬ, ਨਾਂਦੇੜ (ਮਹਾਂਰਾਸ਼ਟਰ) ਲਈ ਉਕਤ ਰੂਟ 'ਤੇ ਨਵੀਂ ਗੱਡੀ ਚਲਾਈ ਜਾਵੇ | ਜਥੇਦਾਰ ਮੰਨਣ ਵਲੋਂ ਲਿਖੇ ਗਏ ਇਸ ਪੱਤਰ ਦਾ ਉਤਾਰਾ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ, ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ, ਉਤਰਾਖੰਡ ਦੇ ਮੁੱਖ ਮੰਤਰੀ ਪੁਸਕਰ ਸਿੰਘ ਧਾਮੀ, ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਮੈਂਬਰ ਲੋਕ ਸਭਾ ਬੀਬੀ ਹਰਸਿਮਰਤ ਕੌਰ ਬਾਦਲ, ਐੱਮ.ਪੀ. ਅੰਮਿ੍ਤਸਰ ਗੁਰਜੀਤ ਸਿੰਘ ਔਜਲਾ, ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ਼ਾਹਜਹਾਂਪੁਰ (ਯੂ.ਪੀ.) ਬੀਬੀ ਕਮਲੇਸ਼ ਕੌਰ ਮਾਟਾ, ਗੁਰਦੁਆਰਾ ਪ੍ਰਬੰਧਕ ਕਮੇਟੀ, ਨਾਨਕ ਮਤਾ ਸਾਹਿਬ ਦੇ ਅਹੁਦੇਦਾਰ ਜੋਗਿੰਦਰ ਸਿੰਘ ਨੂੰ ਭੇਜਿਆ ਗਿਆ ਹੈ |