ਅੰਮਿ੍ਤਸਰ, 4 ਮਈ (ਸੁਰਿੰਦਰ ਕੋਛੜ)-ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ 'ਚ ਭਾਰਤ ਵਲੋਂ ਪਿਛਲੇ ਵਰ੍ਹੇ 7 ਮਈ ਨੂੰ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਸੰਧੂਰ ਦੌਰਾਨ ਪਾਕਿਸਤਾਨ 'ਚ ਅੱਤਵਾਦੀਆਂ ਦੀਆਂ ਪਨਾਹਗਾਹਾਂ ਅਤੇ ਉਸ ਤੋਂ ਬਾਅਦ ਫ਼ੌਜੀ ਠਿਕਾਣਿਆਂ ਦੀ ਕੀਤੀ ਗਈ ਤਬਾਹੀ ਬਾਰੇ ਅੱਜ ਪੂਰਾ ਵਿਸ਼ਵ ਜਾਣੂ ਹੈ | ਇਸ ਦੇ ਬਾਵਜੂਦ ਪਾਕਿ ਆਧਾਰਿਤ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੀ ਸਿਆਸੀ ਜਮਾਤ ਪੀ. ਐੱਮ. ਐੱਲ. ਐੱਲ. (ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ) ਦੇ ਪ੍ਰਮੁੱਖ ਆਗੂ ਸੈਫੁੱਲਾ ਕਸੂਰੀ, ਲਸ਼ਕਰ-ਏ-ਤੋਇਬਾ ਦੇ ਕਮਾਂਡਰ ਹਾਫ਼ਿਜ਼ ਅਬਦੁਰ ਰਾਊਫ ਸਮੇਤ ਹੋਰਨਾ ਨੇ 10 ਮਈ ਨੂੰ 'ਜਿੱਤ ਦਾ ਜਸ਼ਨ' ਮਨਾਉਣ ਦਾ ਐਲਾਨ ਕੀਤਾ ਹੈ | ਇਹ ਐਲਾਨ ਪਾਕਿਸਤਾਨੀ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੀ ਕਰ ਰਹੇ ਹਨ | ਅੱਤਵਾਦੀ ਕਮਾਂਡਰਾਂ ਵਲੋਂ ਕਥਿਤ ਜਿੱਤ ਦੇ ਜਸ਼ਨ ਨੂੰ ਮਨਾਉਣ ਸੰਬੰਧੀ ਪਾਕਿ ਦੇ ਵੱਖ-ਵੱਖ ਸ਼ਹਿਰਾਂ 'ਚ ਪ੍ਰੈੱਸ ਕਾਨਫ਼ਰੰਸਾਂ ਕੀਤੀਆਂ ਜਾ ਰਹੀਆਂ ਹਨ | ਇਨ੍ਹਾਂ ਪ੍ਰੈੱਸ ਕਾਨਫ਼ਰੰਸ 'ਚ ਲਸ਼ਕਰ ਦਾ ਕਮਾਂਡਰ ਸੈਫੁੱਲਾ ਕਸੂਰੀ, ਹਾਫ਼ਿਜ਼ ਅਬਦੁਰ ਰਾਊਫ਼, ਖ਼ਾਲਿਦ ਮਸੂਦ ਵਰਗੇ ਚੋਟੀ ਦੇ ਅੱਤਵਾਦੀਆਂ ਦੇ ਨਾਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਬਕਾ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਵੀ ਸ਼ਾਮਿਲ ਹੋ ਰਿਹਾ ਹੈ | ਇਨ੍ਹਾਂ ਕਾਨਫ਼ਰੰਸਾਂ 'ਚ ਲਗਾਏ ਗਏ ਪੋਸਟਰਾਂ 'ਚ ਵੱਖ-ਵੱਖ ਮੁਲਕਾਂ ਨੂੰ ਲੋੜੀਂਦੇ ਅੱਤਵਾਦੀਆਂ ਦੀਆਂ ਤਸਵੀਰਾਂ ਦੇ ਨਾਲ ਹੀ ਜਨਰਲ ਆਸਿਮ ਮੁਨੀਰ ਅਤੇ ਸ਼ਾਹਬਾਜ਼ ਸ਼ਰੀਫ਼ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਹਨ, ਜੋ ਪਾਕਿਸਤਾਨੀ ਫ਼ੌਜ ਅਤੇ ਅੱਤਵਾਦੀਆਂ ਵਿਚਕਾਰ ਸੰਬੰਧਾਂ ਨੂੰ ਸਪਸ਼ਟ ਤੌਰ 'ਤੇ ਦਰਸਾਉਂਦੀਆਂ ਹਨ |
ਪਾਕਿ 'ਚ 'ਆਪ੍ਰੇਸ਼ਨ ਸੰਧੂਰ' ਦੌਰਾਨ ਤਬਾਹ ਹੋਏ ਅੱਤਵਾਦੀ ਹੈੱਡਕੁਆਰਟਰਾਂ ਵਿਖੇ ਮਨਾਇਆ ਜਾ ਰਿਹਾ 'ਜਿੱਤ' ਦਾ ਜਸ਼ਨ
ਅਜੀਤ ਡੈਸਕ
05-05-2026