ਅੰਮਿ੍ਤਸਰ, 4 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਨੂੰ ਮਜਬੂਰਨ ਇਕ ਚੀਨੀ ਕੰਪਨੀ ਨੂੰ ਗਧਿਆਂ ਦਾ ਮਾਸ ਨਿਰਯਾਤ ਕਰਨ ਦੀ ਜਲਦਬਾਜ਼ੀ 'ਚ ਇਜਾਜ਼ਤ ਦੇਣੀ ਪਈ ਹੈ | ਦਰਅਸਲ, ਮਨਜ਼ੂਰੀ 'ਚ ਦੇਰੀ ਤੋਂ ਨਾਰਾਜ਼ ਮੈਸਰਜ਼ ਹੈਂਗੇਂਗ ਟ੍ਰੇਡ ਕੰਪਨੀ ਨੇ ਐਲਾਨ ਕੀਤਾ ਸੀ ਕਿ ਜੇਕਰ ਦੇਰੀ ਜਾਰੀ ਰਹੀ ਤਾਂ ਉਹ ਪਾਕਿ 'ਚ ਕੰਮ ਬੰਦ ਕਰ ਦੇਵੇਗੀ | ਕੰਪਨੀ ਨੇ ਹੋਰ ਚੀਨੀ ਨਿਵੇਸ਼ਕਾਂ ਨੂੰ ਵੀ ਪਾਕਿਸਤਾਨ 'ਚ ਨਿਵੇਸ਼ ਕਰਨ ਤੋਂ ਪਹਿਲਾਂ ਦੋ ਵਾਰ ਸੋਚਣ ਦੀ ਚਿਤਾਵਨੀ ਦਿੱਤੀ | ਇਸ ਤੋਂ ਬਾਅਦ ਪਾਕਿਸਤਾਨੀ ਸਰਕਾਰ ਨੇ ਤੁਰੰਤ ਕੰਪਨੀ ਨੂੰ ਗਧੇ ਦਾ ਮਾਸ ਨਿਰਯਾਤ ਕਰਨ ਦੀ ਇਜਾਜ਼ਤ ਦੇ ਦਿੱਤੀ | ਪਾਕਿਸਤਾਨੀ ਮੀਡੀਆ ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਦਫ਼ਤਰ ਦੇ ਦਖ਼ਲ ਤੋਂ ਬਾਅਦ ਇਹ ਮਾਮਲਾ ਹੱਲ ਹੋ ਗਿਆ | ਪ੍ਰਧਾਨ ਮੰਤਰੀ ਦਫ਼ਤਰ ਤੋਂ ਸੁਨੇਹਾ ਮਿਲਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਕੈਬਨਿਟ ਤੋਂ ਮਨਜ਼ੂਰੀ ਆ ਗਈ ਅਤੇ ਪਸ਼ੂ ਕੁਆਰੰਟੀਨ ਵਿਭਾਗ ਨੇ ਵੀ ਇਜਾਜ਼ਤ ਦੇ ਦਿੱਤੀ | ਚੀਨ ਨੂੰ ਗਧੇ ਦੇ ਮਾਸ ਦੇ ਨਿਰਯਾਤ ਲਈ ਇਹ ਪ੍ਰਵਾਨਗੀ ਮਹੀਨਿਆਂ ਤੋਂ ਲੰਬਿਤ ਸੀ | ਚੀਨ 'ਚ ਪਾਕਿਸਤਾਨੀ ਗਧਿਆਂ ਦੀ ਬਹੁਤ ਮੰਗ ਹੈ | ਇਹ ਨਾ ਸਿਰਫ਼ ਉਨ੍ਹਾਂ ਦੇ ਮਾਸ ਅਤੇ ਚਮੜੀ ਦੇ ਕਾਰਨ ਹੈ, ਸਗੋਂ ਚੀਨ 'ਚ ਗਧੇ ਦੀ ਚਮੜੀ ਦੀ ਵਰਤੋਂ ਕਰਕੇ ਇਕ ਰਵਾਇਤੀ ਦਵਾਈ ਨੂੰ ਏਜਿਆਓ ਵੀ ਬਣਾਈ ਜਾਂਦੀ ਹੈ |
ਚੀਨੀ ਕੰਪਨੀ ਦੀ ਧਮਕੀ ਅੱਗੇ ਝੁਕਿਆ ਪਾਕਿ, ਗਧਿਆਂ ਦੇ ਮਾਸ ਦੇ ਨਿਰਯਾਤ ਲਈ ਦਿੱਤੀ ਮਨਜ਼ੂਰੀ
ਅਜੀਤ ਡੈਸਕ
05-05-2026