ਚੰਡੀਗੜ੍ਹ, 5 ਮਈ (ਸੰਦੀਪ ਕੁਮਾਰ ਮਾਹਨਾ)ਕਰੀਬ 24 ਸਾਲ ਪੁਰਾਣੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟਰੋਪਿਕ ਸਬਸਟੈਂਸ (ਐਨ. ਡੀ. ਪੀ. ਐਸ.) ਐਕਟ ਦੇ ਇੱਕ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਿਕਾਰਡ 'ਚ ਵ੍ਹਾਈਟ ਕਰੈਕਸ਼ਨ ਫਲੂਡ, ਕਟਿੰਗ, ਓਵਰਰਾਈਟਿੰਗ ਅਤੇ ਵੱਖ-ਵੱਖ ਸਿਆਹੀਆਂ ਨਾਲ ਕੀਤੀਆਂ ਐਂਟਰੀਆਂ ਨੂੰ ਗੰਭੀਰ ਗਲਤੀ ਮੰਨਦਿਆਂ ਮੁਲਜ਼ਮ ਨੂੰ ਬਰੀ ਕਰ ਦਿੱਤਾ ਹੈ | ਹਾਈ ਕੋਰਟ ਨੇ ਸਪੱਸ਼ਟ ਕਿਹਾ ਕਿ ਜਦੋਂ ਬਰਾਮਦਗੀ ਨਾਲ ਜੁੜੇ ਅਸਲ ਦਸਤਾਵੇਜ਼ ਹੀ ਭਰੋਸੇਯੋਗ ਨਹੀਂ ਰਹਿ ਜਾਂਦੇ ਤਾਂ ਮੁਕੱਦਮੇ ਦੀ ਪੂਰੀ ਕਹਾਣੀ ਸ਼ੱਕ ਦੇ ਘੇਰੇ ਵਿਚ ਆ ਜਾਂਦੀ ਹੈ | ਇਹ ਮਾਮਲਾ ਜੂਨ 2002 'ਚ ਦਰਜ ਕੀਤੀ ਗਈ ਇੱਕ ਐਫ.ਆਈ.ਆਰ. ਨਾਲ ਸਬੰਧਿਤ ਸੀ | ਸੁਣਵਾਈ ਦੌਰਾਨ ਬਚਾਅ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਮਾਮਲੇ ਦਾ ਸਭ ਤੋਂ ਅਹਿਮ ਦਸਤਾਵੇਜ਼ 'ਕੰਸੈਟ ਮੀਮੋ' ਹੀ ਸ਼ੱਕੀ ਹੈ | ਦੋਸ਼ੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਇਹ ਅਸਲ ਵਿਚ ਇੱਕ 'ਅਸਹਿਮਤੀ ਪੱਤਰ' ਸੀ, ਜਿਸ 'ਚ ਦੋਸ਼ੀ ਨੇ ਡੀ.ਐਸ.ਪੀ. ਦੀ ਮੌਜੂਦਗੀ ਵਿਚ ਤਲਾਸ਼ੀ 'ਤੇ ਅਵਿਸ਼ਵਾਸ ਪ੍ਰਗਟ ਕੀਤਾ ਸੀ | ਅਦਾਲਤ ਨੇ ਪਾਇਆ ਕਿ ਨਾ ਸਿਰਫ਼ ਸਹਿਮਤੀ ਮੀਮੋ, ਸਗੋਂ ਨਿੱਜੀ ਸਰਚ ਮੀਮੋ ਵਿਚ ਵੀ ਕਟਿੰਗ, ਓਵਰਰਾਈਟਿੰਗ, ਵਾਈਟ ਫਲੂਡ ਅਤੇ ਵੱਖ-ਵੱਖ ਸਿਆਹੀ ਦੀ ਵਰਤੋਂ ਦੇ ਕਈ ਮਾਮਲੇ ਸ਼ਾਮਲ ਸਨ, ਜਿਸ ਲਈ ਇਸਤਗਾਸਾ ਪੱਖ ਤਸੱਲੀਬਖਸ਼ ਸਪੱਸ਼ਟੀਕਰਨ ਨਹੀਂ ਦੇ ਸਕਿਆ | ਬੈਂਚ ਨੇ ਕਿਹਾ ਕਿ ਇਹ ਸ਼ੱਕੀ ਛੇੜਛਾੜ ਹੈ | ਇਨ੍ਹਾਂ ਆਧਾਰਾਂ 'ਤੇ, ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਦਿਆਂ ਮੁਲਜ਼ਮ ਨੂੰ ਬਰੀ ਕਰ ਦਿੱਤਾ ਤੇ ਉਸ ਦੀ ਤੁਰੰਤ ਰਿਹਾਈ ਦਾ ਹੁਕਮ ਦਿੱਤਾ |