20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਅਮਰੀਕਾ ਵਲੋਂ ਈਰਾਨ 'ਤੇ 'ਹਮਲਾਵਰ ਪੜਾਅ' ਰੋਕਣਾ ਭਾਰਤੀ ਬਾਸਮਤੀ ਨਿਰਯਾਤਕਾਂ ਲਈ ਚੰਗੀ ਖ਼ਬਰ

Ad Position 21
No active advertisement
ਅਜੀਤ ਡੈਸਕ 07-05-2026

ਖੰਨਾ, 6 ਮਈ-ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੁਬੀਓ ਵੱਲੋਂ ਈਰਾਨ ਵਿਰੁੱਧ ਜਾਰੀ 'ਆਪ੍ਰੇਸ਼ਨ ਐਪਿਕ ਫਿਊਰੀ' ਦਾ 'ਹਮਲਾਵਰ ਪੜਾਅ' ਰੋਕਣ ਦਾ ਅਧਿਕਾਰਤ ਐਲਾਨ ਜਿੱਥੇ ਵਿਸ਼ਵ ਭਰ ਵਿਚ ਤੇਲ ਦੀਆਂ ਕੀਮਤਾਂ ਘਟਾਉਣ ਵਿਚ ਸਹਾਇਕ ਹੋਵੇਗਾ ਉਥੇ ਭਾਰਤੀ ਬਾਸਮਤੀ ਉਦਯੋਗ ਲਈ ਇਕ ਵੱਡੀ ਰਾਹਤ ਵਜੋਂ ਵੇਖਿਆ ਜਾ ਰਿਹਾ ਹੈ | ਭਾਰਤੀ ਬਾਸਮਤੀ ਦਾ ਮੁੱਖ ਖੇਤਰ ਪੰਜਾਬ ਅਤੇ ਹਰਿਆਣਾ ਹਨ | ਇਹ ਦੋਵੇਂ ਰਾਜ ਮਿਲਾ ਕੇ ਭਾਰਤ ਦਾ ਲਗਭਗ 75 ਫ਼ੀਸਦੀ ਪ੍ਰੀਮੀਅਮ (ਵਧੀਆ) ਬਾਸਮਤੀ ਨਿਰਯਾਤ ਕਰਦੇ ਹਨ | ਪੰਜਾਬ ਵਿਚ ਲਗਭਗ 812 ਹਜ਼ਾਰ ਹੈਕਟੇਅਰ, ਹਰਿਆਣਾ ਵਿਚ ਲਗਭਗ 788 ਹਜ਼ਾਰ ਹੈਕਟੇਅਰ ਅਤੇ ਉੱਤਰ ਪ੍ਰਦੇਸ਼ ਵਿਚ 462 ਹੈਕਟੇਅਰ ਵਿਚ ਬਾਸਮਤੀ ਬੀਜੀ ਜਾਂਦੀ ਹੈ | ਪੰਜਾਬ-ਹਰਿਆਣਾ ਤੇ ਯੂ. ਪੀ. ਕੁੱਲ ਮਿਲਾ ਕੇ ਭਾਰਤੀ ਬਾਸਮਤੀ ਦਾ 94 ਫ਼ੀਸਦੀ ਉਤਪਾਦਨ ਕਰਦੇ ਹਨ | ਮੱਧ ਪੂਰਬ ਖ਼ਾਸ ਕਰਕੇ ਈਰਾਨ, ਸਾਊਦੀ ਅਰਬ, ਇਰਾਕ, ਯੂ. ਏ. ਈ. ਭਾਰਤੀ ਤੇ ਪਾਕਿਸਤਾਨੀ ਬਾਸਮਤੀ ਦੇ ਸਭ ਤੋਂ ਵੱਡੇ ਖ਼ਰੀਦਦਾਰ ਹਨ |
ਸੰਕਟ ਦੌਰਾਨ ਹੋਏ ਨੁਕਸਾਨ ਭਾਰਤੀ ਬਾਸਮਤੀ ਨਿਰਯਾਤਕਾਂ ਦਾ ਨੁਕਸਾਨ
ਹੋਰਮੁਜ਼ ਜਲਡਮਰੂ ਰਾਹੀਂ ਆਵਾਜਾਈ ਰੁਕਣ ਕਾਰਨ ਭਾਰਤ ਦਾ ਲਗਭਗ 4 ਲੱਖ ਟਨ ਬਾਸਮਤੀ ਚਾਵਲ ਰਾਹਾਂ ਅਤੇ ਬੰਦਰਗਾਹਾਂ ਵਿਚ ਫਸਿਆ ਰਿਹਾ | ਸਿੱਧੀ ਆਵਾਜਾਈ ਵਿਚ ਮੁਸ਼ਕਲ ਹੋਣ ਤੋਂ ਬਾਅਦ ਭਾਰਤੀ ਚਾਵਲ ਨਿਰਯਾਤਕਾਂ ਨੂੰ ਇਰਾਕ, ਕੁਵੈਤ, ਬਹਿਰੀਨ ਅਤੇ ਹੋਰ ਖਾੜੀ ਦੇਸ਼ਾਂ ਲਈ ਭੇਜੀਆਂ ਜਾਣ ਵਾਲੀਆਂ ਖੇਪਾਂ ਲਈ ਬਦਲਵੇਂ ਰਸਤਿਆਂ ਦੀ ਵਰਤੋਂ ਕਰਨੀ ਪਈ, ਜਿਸ ਨਾਲ ਖਰਚਾ ਵੀ ਵਧਿਆ ਤੇ ਸਮਾਂ ਵੀ ਵੱਧ ਲੱਗਾ | ਟਕਰਾਅ ਤੋਂ ਪਹਿਲਾਂ ਭਾਰਤੀ ਨਿਰਯਾਤਕ ਮੱਧ ਪੂਰਬੀ ਦੇਸ਼ਾਂ ਲਈ ਪ੍ਰਤੀ ਕੰਟੇਨਰ ਲਗਭਗ 300 ਤੋਂ 500 ਡਾਲਰ ਤੱਕ ਸਮੁੰਦਰੀ ਮਾਲ ਭਾੜਾ ਅਦਾ ਕਰਦੇ ਸਨ | ਹਾਲਾਂਕਿ ਨਵੇਂ ਰੂਟਾਂ ਤਹਿਤ ਇਹ ਲਾਗਤ ਵੱਧ ਕੇ ਲਗਭਗ 4 ਹਜ਼ਾਰ ਤੋਂ 5 ਹਜ਼ਾਰ ਡਾਲਰ ਪ੍ਰਤੀ ਕੰਟੇਨਰ ਤੱਕ ਪਹੁੰਚ ਗਈ | ਆਵਾਜਾਈ ਦਾ ਸਮਾਂ, ਜੋ ਪਹਿਲਾਂ 5 ਤੋਂ 7 ਦਿਨ ਸੀ, ਵੱਧ ਕੇ 25 ਤੋਂ 30 ਦਿਨ ਹੋ ਗਿਆ ਹੈ, ਜਿਸ ਕਾਰਨ ਭਾਰਤੀ ਨਿਰਯਾਤਕਾਂ ਅਤੇ ਵਪਾਰੀਆਂ ਨੂੰ ਭਾਰੀ ਵਿੱਤੀ ਨੁਕਸਾਨ ਝੱਲਣਾ ਪਿਆ |
ਪਾਕਿਸਤਾਨੀ ਬਾਸਮਤੀ ਨਿਰਯਾਤਕ ਰਹੇ ਫ਼ਾਇਦੇ ਵਿਚ
ਬਾਸਮਤੀ ਰਾਈਸ ਮਿਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਣਜੀਤ ਸਿੰਘ ਜੋਸਨ ਨੇ ਕਿਹਾ ਕਿ ਇਸ ਅਮਰੀਕਾ ਤੇ ਈਰਾਨ ਦੇ ਇਸ ਟਕਰਾਅ ਦਾ ਅਸਿੱਧਾ ਲਾਭ ਪਾਕਿਸਤਾਨ ਨੂੰ ਮਿਲਿਆ ਹੈ | ਈਰਾਨ ਦੀ ਪਾਕਿਸਤਾਨ ਨਾਲ 900 ਕਿੱਲੋਮੀਟਰ ਤੋਂ ਵੱਧ ਲੰਬੀ ਜ਼ਮੀਨੀ ਸਰਹੱਦ ਹੈ | ਈਰਾਨ ਅਤੇ ਅਮਰੀਕਾ ਵਿਚਕਾਰ ਵਿਚੋਲੇ ਵਜੋਂ ਪਾਕਿਸਤਾਨ ਦੀ ਵਧਦੀ ਭੂਮਿਕਾ ਕਾਰਨ ਸਰਹੱਦੀ ਆਵਾਜਾਈ ਵਿੱਚ ਕਥਿਤ ਤੌਰ 'ਤੇ ਢਿੱਲ ਦਿੱਤੀ ਗਈ | ਇਸ ਦੇ ਨਤੀਜੇ ਵਜੋਂ ਪਾਕਿਸਤਾਨੀ ਬਾਸਮਤੀ ਅਤੇ ਗੈਰ-ਬਾਸਮਤੀ ਚੌਲਾਂ ਦੀ ਵੱਡੀ ਮਾਤਰਾ ਲਗਾਤਾਰ ਈਰਾਨ ਵਿੱਚ ਦਾਖਲ ਹੁੰਦੀ ਰਹੀ |
ਭਾਰਤੀ ਚੌਲ ਨਿਰਯਾਤਕਾਂ ਤੇ ਕਿਸਾਨਾਂ ਲਈ ਰਾਹਤ ਦੀ ਖ਼ਬਰ
ਅਮਰੀਕਾ ਦੇ ਤਾਜ਼ਾ ਐਲਾਨ ਤੋਂ ਬਾਅਦ ਜੇਕਰ ਖੇਤਰ ਵਿਚ ਸਥਿਰਤਾ ਆਉਂਦੀ ਹੈ ਤਾਂ ਭਾਰਤ ਤੋਂ ਈਰਾਨ ਅਤੇ ਖਾੜੀ ਦੇਸ਼ਾਂ ਨੂੰ ਬਾਸਮਤੀ ਚੌਲਾਂ ਦੀ ਸਪਲਾਈ ਮੁੜ ਤੇਜ਼ੀ ਨਾਲ ਸ਼ੁਰੂ ਹੋ ਸਕਦੀ ਹੈ | ਪੰਜਾਬ ਅਤੇ ਹਰਿਆਣਾ ਦੇ ਵਪਾਰੀਆਂ ਨੂੰ ਬਿਹਤਰ ਬਾਜ਼ਾਰੀ ਹਾਲਾਤਾਂ ਤੋਂ ਲਾਭ ਹੋਣ ਦੀ ਉਮੀਦ ਹੈ, ਜਦਕਿ ਆਉਣ ਵਾਲੇ ਮਹੀਨਿਆਂ ਵਿੱਚ ਭਾਰਤੀ ਬਾਸਮਤੀ ਚੌਲਾਂ ਦੀ ਅੰਤਰਰਾਸ਼ਟਰੀ ਮੰਗ ਵਿੱਚ ਵੀ ਵਾਧਾ ਹੋ ਸਕਦਾ ਹੈ | ਜੋਸਨ ਨੇ ਕਿਹਾ ਕਿ ਭੂ-ਰਾਜਨੀਤਿਕ ਤਣਾਅ ਵਿੱਚ ਕਮੀ ਨਾਲ ਬਾਸਮਤੀ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ, ਜਿਸ ਨਾਲ ਸਿੱਧੇ ਤੌਰ 'ਤੇ ਭਾਰਤੀ ਕਿਸਾਨਾਂ ਨੂੰ ਲਾਭ ਮਿਲੇਗਾ | ਇਸ ਦੇ ਨਾਲ ਹੀ ਕੇਂਦਰੀ ਮੰਤਰੀ ਮੰਡਲ ਨੇ ਨਵੀਂ 'ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ' ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਸ ਸਕੀਮ ਤਹਿਤ ਸਰਕਾਰ ਲਗਭਗ 18,100 ਕਰੋੜ ਰੁਪਏ ਦੀ ਗਰੰਟੀ ਦੇਵੇਗੀ, ਜਿਸ ਨਾਲ ਨਿਰਯਾਤਕਾਂ ਨੂੰ ਕੁੱਲ 2.55 ਲੱਖ ਕਰੋੜ ਰੁਪਏ ਤੱਕ ਦੀ ਵਾਧੂ ਕਰਜ਼ ਸਹਾਇਤਾ ਉਪਲਬਧ ਕਰਵਾਈ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਆਈ.ਪੀ.ਐਲ. ਪਲੇਆਫ਼ ਪੀ.ਸੀ.ਏ. ਕ੍ਰਿਕਟ ਸਟੇਡੀਅਮ ਨਿਊ ਚੰਡੀਗੜ੍ਹ ਵਿਖੇ ਹੋਣਗੇ 2 ਵੱਡੇ ਮੁਕਾਬਲੇ-ਮੀਤ ਹੇਅਰ ਅਗਲੀ ਖ਼ਬਰ ਜੂਨੀਅਰਾਂ ਤੋਂ ਘੱਟ ਤਨਖ਼ਾਹ 'ਤੇ ਹਾਈ ਕੋਰਟ ਸਖ਼ਤ
Ad Position 24