22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

'ਚਿੱਟੇ ਸੋਨੇ ਦਾ ਗੜ੍ਹ' ਮਾਲਵਾ ਪੱਟੀ 'ਚ ਨਰਮੇ ਦੀ ਬਿਜਾਈ ਦੀ ਰਫ਼ਤਾਰ ਸੁਸਤ

Ad Position 21
No active advertisement
ਅਜੀਤ ਡੈਸਕ 08-05-2026

• 21.25 ਲੱਖ ਹੈਕਟੇਅਰ ਦੇ ਟੀਚੇ ਮੁਕਾਬਲੇ ਹੁਣ ਤੱਕ ਮਹਿਜ਼ 11 ਫ਼ੀਸਦੀ ਰਕਬਾ ਹੀ ਹੋਇਆ ਕਵਰ • ਅਗਲੇ ਹਫ਼ਤੇ ਤੱਕ ਰਫ਼ਤਾਰ ਤੇਜ਼ ਨਾ ਹੋਈ ਤਾਂ ਟੀਚਾ ਸਰ ਕਰਨਾ ਔਖਾ
ਸੱਤਪਾਲ ਸਿੰਘ ਸਿਵੀਆਂ

ਬਠਿੰਡਾ, 7 ਮਈ- ਪੰਜਾਬ ਅੰਦਰ ਕਣਕ ਦੀ ਵਾਢੀ ਦਾ ਕੰਮ ਖ਼ਤਮ ਹੋਣ ਬਾਅਦ ਹੁਣ ਨਰਮਾ ਬਿਜਾਈ ਦਾ ਸੀਜ਼ਨ ਚੱਲ ਰਿਹਾ ਹੈ, ਪਰ ਪਿਛਲੇ ਕਈ ਸਾਲਾਂ ਤੋਂ ਨਰਮੇ ਦੀ ਬਿਜਾਂਦ ਲਗਾਤਾਰ ਘਟਦੀ ਜਾ ਰਹੀ ਹੈ | ਸੂਬੇ ਦਾ ਮਾਲਵਾ ਖ਼ਿੱਤਾ ਹੀ ਨਰਮੇ ਦੀ ਜ਼ਿਆਦਾਤਰ ਬਿਜਾਈ ਕਰਦਾ ਹੈ, ਜਿਸ ਨੂੰ ਕਪਾਹ ਪੱਟੀ ਭਾਵ 'ਚਿੱਟੇ ਸੋਨੇ ਦੇ ਗੜ੍ਹ' ਵਜੋਂ ਜਾਣਿਆ ਜਾਂਦਾ ਪਰ ਹੁਣ ਇਹ ਖੇਤਰ ਵੀ ਨਰਮਾ ਬਿਜਾਈ ਵਿਚ ਪੱਛੜ ਰਿਹਾ ਹੈ | ਇਸ ਵਾਰ ਇਸ ਖੇਤਰ ਵਿਚ ਵੀ ਨਰਮੇ ਦੀ ਬਿਜਾਈ ਦੀ ਰਫ਼ਤਾਰ ਕਾਫੀ ਚਿੰਤਾਜਨਕ ਨਜ਼ਰ ਆ ਰਹੀ ਹੈ | ਪੰਜਾਬ ਖੇਤੀਬਾੜੀ ਵਿਭਾਗ ਵਲੋਂ ਨਰਮੇ ਦੀ ਬਿਜਾਂਦ ਨੂੰ ਮੁੱਖ ਰੱਖਦਿਆਂ ਇਸ ਖੇਤਰ ਵਿਚ 1.25 ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਈ ਕਰਨ ਦਾ ਟੀਚਾ ਮਿਥਿਆ ਗਿਆ ਹੈ, ਜਿਸ ਦੇ ਮੁਕਾਬਲੇ ਬੀਤੀ 4 ਮਈ ਤੱਕ ਸਿਰਫ਼ 14,566 ਹੈਕਟੇਅਰ ਰਕਬੇ ਵਿਚ ਹੀ ਨਰਮੇ ਦੀ ਬਿਜਾਈ ਮੁਕੰਮਲ ਹੋ ਸਕੀ ਹੈ | ਜਦਕਿ ਨਰਮਾ ਬਿਜਾਈ ਦਾ ਢੁੱਕਵਾਂ ਸਮਾਂ ਲਗਾਤਾਰ ਹੱਥੋਂ ਨਿਕਲ ਰਿਹਾ ਹੈ | ਖੇਤੀਬਾੜੀ ਮਾਹਿਰਾਂ ਅਨੁਸਾਰ ਨਰਮੇ ਦੀ ਬਿਜਾਈ ਲਈ 15 ਅਪ੍ਰੈਲ ਤੋਂ 15 ਮਈ ਤੱਕ ਦਾ ਸਮਾਂ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ | ਹਾਲਾਂਕਿ ਬਿਜਾਈ ਮਈ ਦੇ ਅਖੀਰ ਤੱਕ ਚੱਲਦੀ ਹੈ, ਪਰ ਮਈ ਦਾ ਪਹਿਲਾ ਹਫ਼ਤਾ ਬੀਤਣ ਦੇ ਬਾਵਜੂਦ ਅੰਕੜੇ ਦੱਸਦੇ ਹਨ ਕਿ ਹਾਲੇ ਟੀਚੇ ਦਾ ਇਕ ਬਹੁਤ ਵੱਡਾ ਹਿੱਸਾ ਬਾਕੀ ਹੈ | ਜੇਕਰ ਅਗਲੇ ਇਕ ਹਫ਼ਤੇ ਵਿਚ ਬਿਜਾਈ ਦੀ ਰਫ਼ਤਾਰ ਤੇਜ਼ ਨਹੀਂ ਹੁੰਦੀ, ਤਾਂ ਵਿਭਾਗ ਲਈ ਆਪਣਾ ਟੀਚਾ ਪੂਰਾ ਕਰਨਾ ਇਕ ਵੱਡੀ ਚੁਣੌਤੀ ਬਣ ਜਾਵੇਗਾ | ਪੰਜਾਬ ਖੇਤੀਬਾੜੀ ਵਿਭਾਗ ਵਲੋਂ ਮਾਲਵਾ ਪੱਟੀ ਵਿਚ ਜ਼ਿਲ੍ਹਾ-ਵਾਰ ਬਿਜਾਈ ਦੀ ਸਥਿਤੀ ਅਤੇ ਮਿੱਥੇ ਹੋਏ ਟੀਚੇ ਉਪਰ ਨਜ਼ਰ ਮਾਰੀ ਜਾਵੇ ਤਾਂ ਨਰਮੇ ਦੀ ਬਿਜਾਈ ਲਈ ਮੋਹਰੀ ਗਿਣੇ ਜਾਂਦੇ ਫ਼ਾਜ਼ਿਲਕਾ 63,350 ਹੈਕਟੇਅਰ ਦਾ ਟੀਚਾ ਮਿਥਿਆ ਗਿਆ ਹੈ, ਪਰ 4 ਮਈ ਤੱਕ ਸਿਰਫ਼ 8,378 ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਈ ਹੋ ਸਕੀ ਹੈ | ਇਸੇ ਤਰ੍ਹਾਂ ਜ਼ਿਲ੍ਹਾ ਮਾਨਸਾ ਵਿਚ 28,100 ਹੈਕਟੇਅਰ ਭੂਮੀ ਵਿਚ ਨਰਮਾ ਬਿਜਾਈ ਦਾ ਟੀਚਾ ਹੈ ਤੇ ਹੁਣ ਤੱਕ 3,706 ਹੈਕਟੇਅਰ ਵਿਚ ਬਿਜਾਈ ਹੋਈ ਹੈ | ਇਵੇਂ ਜ਼ਿਲ੍ਹਾ ਬਠਿੰਡਾ ਵਿਚ 18,200 ਹੈਕਟੇਅਰ ਦਾ ਟੀਚਾ ਪਰ ਬਿਜਾਈ ਸਾਰਫ 1,375 ਹੈਕਟੇਅਰ ਵਿਚ ਹੋਈ ਹੈ | ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ 14,200 ਹੈਕਟੇਅਰ ਰਕਬੇ ਦਾ ਟੀਚਾ ਪਰ ਬਿਜਾਈ 1,066 ਵਿਚ ਹੋ ਸਕੀ ਹੈ | ਜ਼ਿਲ੍ਹਾ ਫ਼ਰੀਦਕੋਟ ਵਿਚ 350 ਹੈਕਟੇਅਰ ਬਿਜਾਈ ਦੇ ਟੀਚੇ ਅਨੁਸਾਰ ਸਿਰਫ਼ 16 ਹੈਕਟੇਅਰ ਕਵਰ ਹੋਇਆ ਹੈ | ਜ਼ਿਲ੍ਹਾ ਬਰਨਾਲਾ ਵਿਚ 450 ਹੈਕਟੇਅਰ ਰਕਬਾ ਨਰਮੇ ਹੇਠ ਕਵਰ ਕਰਨ ਦਾ ਟੀਚਾ ਮਿਥਿਆ ਪਰ ਅਜੇ ਤੱਕ 20 ਹੈਕਟੇਅਰ ਕਵਰ ਹੋਇਆ, ਜਦਕਿ ਜ਼ਿਲ੍ਹਾ ਸੰਗਰੂਰ 250 ਹੈਕਟੇਅਰ ਦੇ ਟੀਚੇ ਅਨੁਸਾਰ ਸਿਰਫ਼ 5 ਹੈਕਟੇਅਰ ਕਵਰ ਹੋਇਆ ਅਤੇ ਜ਼ਿਲ੍ਹਾ ਮੋਗਾ ਵਿਚ 100 ਦੇ ਟੀਚੇ 'ਚੋਂ ਅਜੇ ਤੱਕ ਨਰਮੇ ਦਾ ਓੜਾ ਨਹੀਂ ਬੀਜਿਆ ਗਿਆ ਹੈ | ਉਕਤ ਅੰਕੜਿਆਂ ਅਨੁਸਾਰ ਮਾਲਵਾ ਖੇਤਰ ਵਿਚੋਂ ਜ਼ਿਲ੍ਹਾ ਫ਼ਾਜ਼ਿਲਕਾ 8,378 ਹੈਕਟੇਅਰ ਵਿਚ ਬਿਜਾਈ ਨਾਲ ਸਭ ਤੋਂ ਮੋਹਰੀ ਹੈ, ਪਰ ਇਹ ਵੀ ਆਪਣੇ 63,350 ਹੈਕਟੇਅਰ ਦੇ ਟੀਚੇ ਤੋਂ ਕਾਫ਼ੀ ਦੂਰ ਹੈ | ਬੇਸ਼ੱਕ ਪੰਜਾਬ ਸਰਕਾਰ ਅਤੇ ਪੰਜਾਬ ਖੇਤੀਬਾੜੀ ਵਿਭਾਗ ਨੇ ਮਾਲਵਾ ਪੱਟੀ ਵਿਚ ਨਰਮੇ ਦੀ ਬਿਜਾਂਦ ਵਧਾਉਣ ਦੇ ਯਤਨ ਤੇਜ ਕਰਦਿਆਂ ਪਿਛਲੇ ਸਾਲ ਕੁਲ 1.19 ਲੱਖ ਹੈਕਟੇਅਰ ਵਿਚ ਕੀਤੀ ਗਈ ਨਰਮੇ ਦੀ ਬਿਜਾਈ ਨੂੰ ਇਸ ਵਾਰ ਵਧਾ ਕੇ 1.25 ਲੱਖ ਹੈਕਟੇਅਰ ਤੱਕ ਕਰਨ ਦਾ ਟੀਚਾ ਮਿਥਿਆ ਹੈ, ਪਰ ਬਿਜਾਈ ਅਤੇ ਵਿਭਾਗ ਦੇ ਯਤਨਾਂ ਦੀ ਢਿੱਲੀ ਗਤੀ ਨੂੰ ਦੇਖਦਿਆਂ ਇਸ ਟੀਚੇ ਨੂੰ ਹਾਸਲ ਕਰਨਾ ਅਜੇ ਕਾਫ਼ੀ ਕਠਿਨ ਦਿਖਾਈ ਦੇ ਰਿਹਾ ਹੈ | ਕਿਉਂਕਿ ਅਜੇ ਤੱਕ ਫ਼ਰੀਦਕੋਟ, ਬਰਨਾਲਾ ਅਤੇ ਸੰਗਰੂਰ ਵਰਗੇ ਜ਼ਿਲਿ੍ਹਆਂ ਵਿਚ ਬਿਜਾਈ ਦੇ ਅੰਕੜੇ ਬਹੁਤ ਹੀ ਮਾਮੂਲੀ ਹਨ | ਪੰਜਾਬ ਦੀ ਕਪਾਹ ਪੱਟੀ ਅਤੇ ਸੂਬੇ ਦੀਆਂ 425 'ਚੋਂ ਮਹਿਜ਼ ਬਚੀਆਂ 25ਕੁ ਕਪਾਹ ਮਿੱਲਾਂ ਨੂੰ ਜਿਉਂਦਾ ਰੱਖਣ ਲਈ ਪੰਜਾਬ ਸਰਕਾਰ ਨੂੰ ਕਿਸਾਨਾਂ ਨੂੰ ਚਿੱਟੇ ਸੋਨੇ ਦੀ ਮੁੜ ਪੈਦਾਵਾਰ ਵਧਾਉਣ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਤਲਖ਼ ਹੁੰਦੀ ਜਾ ਰਹੀ ਗੰਡਾ ਸਿੰਘ ਵਾਲਾ-ਹੁਸੈਨੀਵਾਲਾ ਬਾਰਡਰ ਵਿਖੇ ਹੁੰਦੀ ਪਰੇਡ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੁਲਾਵਾ ਆਉਣਾ ਵੱਡੀ ਗੱਲ, ਜ਼ਰੂਰ ਜਾਵਾਂਗਾ-ਕੁਲਤਾਰ ਸਿੰਘ ਸੰਧਵਾਂ
Ad Position 24