ਅੰਮਿ੍ਤਸਰ, 9 ਮਈ (ਸੁਰਿੰਦਰ ਕੋਛੜ)-ਪਾਕਿ ਸਰਕਾਰ ਨੇ ਪੈਟਰੋਲ ਦੀ ਕੀਮਤ 'ਚ 14.92 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ, ਜਿਸ ਨਾਲ ਨਵੀਂ ਕੀਮਤ 414.78 ਰੁਪਏ ਪ੍ਰਤੀ ਲੀਟਰ ਹੋ ਗਈ ਹੈ | ਇਸ ਦੇ ਨਾਲ ਹੀ ਸਰਕਾਰ ਨੇ ਹਾਈ-ਸਪੀਡ ਡੀਜ਼ਲ ਦੀ ਕੀਮਤ 15 ਰੁਪਏ ਵਧਾ ਦਿੱਤੀ ਹੈ, ਜਿਸ ਨਾਲ ਨਵੀਂ ਕੀਮਤ 414.58 ਰੁਪਏ ਪ੍ਰਤੀ ਲੀਟਰ ਹੋ ਗਈ ਹੈ | ਉਧਰ ਸੱਤਾਧਾਰੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਸੀਨੀਅਰ ਨੇਤਾ ਖ਼ਵਾਜਾ ਸਾਦ ਰਫ਼ੀਕ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹਾਲ ਹੀ ਵਿਚ ਹੋਏ ਵਾਧੇ ਦੀ ਸਖ਼ਤ ਆਲੋਚਨਾ ਕਰਦਿਆਂ ਸਵਾਲ ਕੀਤਾ ਕਿ ਆਮ ਲੋਕ ਵਧਦੀ ਮਹਿੰਗਾਈ ਦਾ ਸਾਹਮਣਾ ਕਿਵੇਂ ਕਰਨਗੇ | ਉਨ੍ਹਾਂ ਦੀ ਇਹ ਟਿੱਪਣੀ ਈਰਾਨ-ਅਮਰੀਕਾ ਟਕਰਾਅ ਦੌਰਾਨ ਪਾਕਿ ਸਰਕਾਰ ਵਲੋਂ ਪੈਟਰੋਲ ਅਤੇ ਹਾਈ-ਸਪੀਡ ਡੀਜ਼ਲ ਦੀਆਂ ਕੀਮਤਾਂ 'ਚ ਚੌਥੀ ਵਾਰ ਵਾਧਾ ਕਰਨ ਤੋਂ ਬਾਅਦ ਆਈ ਹੈ | ਇਕ ਬਿਆਨ 'ਚ ਰਫ਼ੀਕ ਨੇ ਕਿਹਾ ਕਿ ਪੈਟਰੋਲੀਅਮ ਦੀਆਂ ਕੀਮਤਾਂ 'ਚ ਵਾਧੇ ਨੇ ਲੋਕਾਂ ਨੂੰ ਰੋਣ ਲਈ ਮਜਬੂਰ ਕਰ ਦਿੱਤਾ ਹੈ | ਉਨ੍ਹਾਂ ਨਾਗਰਿਕਾਂ 'ਤੇ ਵਧ ਰਹੇ ਵਿੱਤੀ ਬੋਝ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਈਰਾਨ 'ਤੇ ਥੋਪਿਆ ਗਿਆ ਅਮਰੀਕਾ-ਜ਼ਾਇਨਿਸਟ ਯੁੱਧ ਪੂਰੇ ਖੇਤਰ 'ਚ ਆਰਥਿਕ ਅਸਥਿਰਤਾ, ਵਧਦੀ ਗਰੀਬੀ ਅਤੇ ਕਮਰ ਤੋੜਨ ਵਾਲੀ ਮਹਿੰਗਾਈ ਦਾ ਕਾਰਨ ਬਣ ਗਿਆ ਹੈ |