• ਚੌਗਿਰਦੇ ਨੂੰ ਹੋ ਰਿਹਾ ਭਾਰੀ ਨੁਕਸਾਨ • ਹਵਾ, ਮਿੱਟੀ, ਸਿਹਤ ਤੇ ਜੀਵ-ਜੰਤੂਆਂ ਲਈ ਵੱਡਾ ਖ਼ਤਰਾ
ਪਰਵਿੰਦਰ ਸਿੰਘ ਜੌੜਾ
ਭੁੱਚੋ ਮੰਡੀ, 13 ਮਈ-ਪੰਜਾਬ 'ਚ ਕਣਕ ਦੀ ਕਟਾਈ ਮਗਰੋਂ ਨਾੜ ਨੂੰ ਅੱਗ ਲਾਉਣ ਦੇ ਮਾਮਲੇ ਕਾਫੀ ਘਟੇ ਹਨ, ਪ੍ਰੰਤੂ ਸਥਿਤੀ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ | ਭਾਵੇਂ ਸੂਬਾ ਸਰਕਾਰ ਤੇ ਪ੍ਰਸ਼ਾਸਨ ਵਲੋਂ ਨਾੜ ਨਾ ਸਾੜਨ ਲਈ ਜਾਗਰੂਕਤਾ ਮੁਹਿੰਮਾਂ ਛੇੜੀਆਂ ਗਈਆਂ ਹਨ, ਜੁਰਮਾਨੇ ਕੀਤੇ ਜਾ ਰਹੇ ਹਨ ਤੇ ਮਸ਼ੀਨਰੀ ਸਹਾਇਤਾ ਦਿੱਤੀ ਜਾ ਰਹੀ ਹੈ, ਬਾਵਜੂਦ ਇਸਦੇ ਹਰ ਸਾਲ ਨਾੜ ਸਾੜਨ ਦੇ ਹਜ਼ਾਰਾਂ ਮਾਮਲੇ ਸਾਹਮਣੇ ਆ ਰਹੇ ਹਨ | ਤਾਜ਼ਾ ਅੰਕੜਿਆਂ ਅਨੁਸਾਰ ਮਈ 2026 ਦੌਰਾਨ ਹੀ ਪੰਜਾਬ ਵਿਚ ਕਣਕ ਦੇ ਨਾੜ ਨੂੰ ਅੱਗ ਲਾਉਣ ਦੇ 8 ਹਜ਼ਾਰ ਤੋਂ ਵਧੇਰੇ ਮਾਮਲੇ ਦਰਜ ਕੀਤੇ ਗਏ ਹਨ | ਵਾਤਾਵਰਣ ਮਾਹਿਰਾਂ ਅਨੁਸਾਰ ਨਾੜ ਸਾੜਨ ਨਾਲ ਵੱਡੀ ਮਾਤਰਾ ਵਿਚ ਕਾਰਬਨ ਡਾਇਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ, ਸਲਫਰ ਡਾਇਆਕਸਾਈਡ ਅਤੇ ਮਹੀਨ ਜ਼ਹਿਰੀਲੇ ਕਣ ਹਵਾ ਵਿਚ ਘੁਲਦੇ ਹਨ, ਜੋ ਮਨੁੱਖੀ ਫੇਫੜਿਆਂ ਵਿਚ ਦਾਖ਼ਲ ਹੋ ਕੇ ਦਮਾ, ਸਾਹ ਦੀ ਤਕਲੀਫ਼, ਐਲਰਜੀ ਤੇ ਦਿਲ ਦੀਆਂ ਬਿਮਾਰੀਆਂ ਨੂੰ ਜਨਮ ਦਿੰਦੇ ਹਨ | ਮਾਹਿਰਾਂ ਅਨੁਸਾਰ ਇਕ ਟਨ ਨਾੜ ਸਾੜਨ ਨਾਲ 1460 ਕਿੱਲੋਗ੍ਰਾਮ ਕਾਰਬਨ ਡਾਇਆਕਸਈਡ, 60 ਕਿੱਲੋਗ੍ਰਾਮ ਕਾਰਬਨ ਮੋਨੋਅਕਸਾਈਡ, 3 ਕਿੱਲੋਗ੍ਰਾਮ ਮਹੀਨ ਧੂੜ ਕਣ ਅਤੇ ਜ਼ਹਿਰੀਲੀਆਂ ਗੈਸਾਂ ਹਵਾ ਵਿਚ ਘੁਲਦੀਆਂ ਹਨ | ਮਾਹਿਰਾਂ ਅਨੁਸਾਰ ਇਸ ਨਾਲ ਬਾਅਦ ਵਿਚ ਕਿਸਾਨਾਂ ਨੂੰ ਹੋਰ ਰਸਾਇਣਕ ਖਾਦਾਂ ਦੀ ਵਰਤੋਂ ਕਰਨੀ ਪੈਂਦੀ ਹੈ, ਨਾਲ ਖੇਤੀ ਲਾਗਤ ਵਿਚ ਵਾਧਾ ਹੁੰਦਾ ਹੈ | ਕਈ ਵਾਰ ਤਾਂ ਇਸ ਅੱਗ ਨਾਲ ਮਨੁੱਖੀ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ ਤੇ ਕੁਝ ਮਾਮਲਿਆਂ ਵਿਚ ਅੱਗ ਰਿਹਾਇਸ਼ੀ ਇਲਾਕਿਆਂ ਤੱਕ ਵੀ ਪਹੁੰਚ ਜਾਂਦੀ ਹੈ | ਮਿਲੀ ਜਾਣਕਾਰੀ ਮੁਤਾਬਿਕ 11 ਮਈ 2026 ਤੱਕ ਪੰਜਾਬ ਵਿਚ ਕਣਕ ਦਾ ਨਾੜ ਸਾੜਨ ਦੇ 8221 ਮਾਮਲੇ ਦਰਜ ਹੋਏ ਹਨ | ਇਨ੍ਹਾਂ ਵਿਚ ਫ਼ਿਰੋਜ਼ਪੁਰ, ਬਠਿੰਡਾ, ਤਰਨਤਾਰਨ ਅਤੇ ਸੰਗਰੂਰ ਜ਼ਿਲ੍ਹੇ ਸਭ ਤੋਂ ਵਧੇਰੇ ਪ੍ਰਭਾਵਿਤ ਹੋਏ ਹਨ | ਸਰਕਾਰੀ ਅੰਕੜਿਆਂ ਅਨੁਸਾਰ 2025 ਦੌਰਾਨ ਪੰਜਾਬ ਵਿਚ ਕਰੀਬ 19.32 ਮਿਲੀਅਨ ਟਨ ਪਰਾਲੀ ਪ੍ਰਬੰਧਨ ਦਾ ਟੀਚਾ ਰੱਖਿਆ ਗਿਆ ਸੀ, ਜਿਸ ਵਿਚ 1.48 ਲੱਖ ਤੋਂ ਵੱਧ ਮਸ਼ੀਨਾਂ ਦੀ ਵਰਤੋਂ ਕੀਤੀ ਗਈ | ਇਹੀ ਕਾਰਨ ਹੈ ਕਿ 2025 ਵਿਚ ਨਾੜ ਸਾੜਨ ਦੇ ਮਾਮਲਿਆਂ ਵਿਚ 53 ਫ਼ੀਸਦੀ ਕਮੀ ਦਰਜ ਕੀਤੀ ਗਈ |
ਪੰਜਾਬ 'ਚ ਕਣਕ ਦਾ ਨਾੜ ਸਾੜਨ ਦੇ ਮਾਮਲੇ ਘਟੇ-ਸਥਿਤੀ ਅਜੇ ਵੀ ਚਿੰਤਾਜਨਕ
ਅਜੀਤ ਡੈਸਕ
14-05-2026