ਬਰਨਾਲਾ, 13 ਮਈ (ਗੁਰਪ੍ਰੀਤ ਸਿੰਘ ਲਾਡੀ)-ਨੈਸ਼ਨਲ ਗ੍ਰੀਨ ਟਿ੍ਬਿਊਨਲ ਨਵੀ ਦਿੱਲੀ ਵਲੋਂ ਨਗਰ ਸੁਧਾਰ ਟਰੱਸਟ ਬਰਨਾਲਾ ਦੀ 25 ਏਕੜ ਸਕੀਮ ਵਾਲੀ ਜਗ੍ਹਾ ਵਿਚੋਂ ਗ਼ੈਰਕਾਨੂੰਨੀ ਹਰੇ ਭਰੇ ਸੈਂਕੜੇ ਰੁੱਖ ਪੁੱਟਣ ਸਬੰਧੀ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਨੇ ਐਨ.ਜੀ.ਟੀ. ਨਵੀ ਦਿੱਲੀ ਨੂੰ ਆਪਣੀ 35 ਸਫ਼ਿਆਂ ਦੀ ਰਿਪੋਰਟ ਭੇਜੀ ਹੈ | ਇਸ ਰਿਪੋਰਟ ਟੀਮ ਵਲੋਂ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਜਿੰਮੇਵਾਰ ਅਧਿਕਾਰੀਆਂ ਅਤੇ ਸਹਿਯੋਗੀਆਂ ਖ਼ਿਲਾਫ਼ ਐਫ਼.ਆਈ.ਆਰ. ਦਰਜ ਕਰਨ, ਜੁਰਮਾਨਾ ਵਸੂਲਣ, ਜ਼ਿਲ੍ਹਾ ਪੱਧਰੀ ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ, ਪੁੱਟੇ ਗਏ ਰੁੱਖਾਂ ਬਦਲੇ 5 ਗੁਣਾਂ ਰੁੱਖ ਵਿਸ਼ੇਸ਼ ਜ਼ਮੀਨ 'ਤੇ ਲਗਾਉਣ, ਬਾਕੀ ਖੜ੍ਹੇ ਰੁੱਖਾਂ 'ਤੇ ਨੰਬਰ ਲਗਾਉਣ ਆਦਿ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ | ਜਾਣਕਾਰੀ ਅਨੁਸਾਰ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਨਗਰ ਸੁਧਾਰ ਟਰੱਸਟ ਬਰਨਾਲਾ ਦੀ 25 ਏਕੜ ਸਕੀਮ ਵਾਲੀ ਜਗ੍ਹਾ ਵਿਚੋਂ 140 ਹਰੇ ਭਰੇ 50 ਸਾਲ ਪੁਰਾਣੇ ਪੁਰਾਤਨ ਰੱੁਖ ਨਿੰਮ, ਬੋਹੜ, ਪਿੱਪਲ, ਕਿੱਕਰ, ਟਾਹਲੀ, ਤੂਤ ਤੇ ਜੰਡ ਆਦਿ ਕਿਸਮਾਂ ਦੇ ਰੁੱਖ ਗੈਰ ਕਾਨੂੰਨੀ ਪੁੱਟਣ ਸਬੰਧੀ ਨੈਸ਼ਨਲ ਗ੍ਰੀਨ ਟਿ੍ਬਿਊਨਲ ਨਵੀ ਦਿੱਲੀ ਵਿਖੇ ਪਟੀਸ਼ਨ ਪਾ ਕੇ ਕਾਰਵਾਈ ਦੀ ਮੰਗ ਕੀਤੀ ਸੀ | ਐਨ.ਜੀ.ਟੀ. ਨੇ ਘਟਨਾ ਸਥਾਨ 'ਤੇ ਜਾਂਚ ਕਰਨ ਲਈ ਕੇਂਦਰ ਸਰਕਾਰ ਦੇ ਦੋ ਵਿਭਾਗਾਂ ਅਤੇ ਵਣ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਦੀ ਇਕ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਕਮੇਟੀ ਗਠਿਤ ਕਰ ਕੇ ਚਾਰ ਹਫ਼ਤਿਆਂ ਵਿਚ ਪੜਤਾਲ ਕਰ ਕੇ ਰਿਪੋਰਟ ਮੰਗੀ ਸੀ | ਐਨ.ਜੀ.ਟੀ. ਵਲੋਂ ਗਠਿਤ ਜਾਂਚ ਟੀਮ ਦੇ ਅਧਿਕਾਰੀਆਂ ਸ਼੍ਰੀ ਕੌਸ਼ਲ ਕਿਸ਼ੋਰ ਡਵੀਜ਼ਨਲ ਜੰਗਲਾਤ ਅਫ਼ਸਰ ਸੰਗਰੂਰ ਪਿ੍ੰਸੀਪਲ ਚੀਫ਼ ਕੰਜ਼ਰਵੇਟਰ ਆਫ਼ ਫਾਰੈਸਟ ਪੰਜਾਬ ਦੇ ਪ੍ਰਤੀਨਿਧੀ, ਇੰਜੀਨੀਅਰ ਜੇ.ਪੀ. ਮੀਨਾ ਵਿਗਿਆਨੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਸਨੀ ਗੋਇਲ ਤਕਨੀਕੀ ਅਧਿਕਾਰੀ ਵਾਤਾਵਰਨ ਜੰਗਲ ਤੇ ਜਲਵਾਯੂ ਪਰਿਵਰਤਨ ਮੰਤਰਾਲਾ ਚੰਡੀਗੜ੍ਹ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਸੀ | ਟੀਮ ਨੇ ਭੇਜੀ ਆਪਣੀ ਰਿਪੋਰਟ ਵਿਚ ਲਿਖਿਆ ਹੈ ਕਿ ਰੁੱਖ ਪੁੱਟਣ ਲਈ ਕੋਈ ਮਨਜ਼ੂਰੀ ਨਹੀਂ ਲਈ ਗਈ | ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਤੇ ਚੇਅਰਮੈਨ ਤੋਂ ਦਰਖ਼ਤਾਂ ਦੀ ਕਟਾਈ ਅਤੇ ਜੇ.ਸੀ.ਬੀ. ਮਸ਼ੀਨ ਚਲਾਉਣ ਦੀ ਮਨਜ਼ੂਰੀ ਲਈ ਪੁੱਛਿਆ ਗਿਆ, ਜਿਨ੍ਹਾਂ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ | ਇਹ ਮਾਨਯੋਗ ਹਾਈ ਕੋਰਟ ਦੇ 24 ਦਸੰਬਰ 2025 ਦੇ ਹੁਕਮਾਂ ਦੀ ਸ਼ਰੇ੍ਹਆਮ ਉਲੰਘਣਾ ਕੀਤੀ ਗਈ ਹੈ | ਜਿਸ ਕਰ ਕੇ ਐਸ.ਐਸ.ਪੀ. ਬਰਨਾਲਾ ਨੂੰ ਨਗਰ ਸੁਧਾਰ ਟਰੱਸਟ ਦੇ ਜਿੰਮੇਵਾਰ ਅਧਿਕਾਰੀਆਂ ਅਤੇ ਸਹਿਯੋਗੀਆਂ ਖ਼ਿਲਾਫ਼ ਐਫ਼.ਆਈ.ਆਰ. ਦਰਜ ਕਰਨ ਦਾ ਆਦੇਸ਼ ਦੇਣ, ਟਰੱਸਟ ਦੇ ਜ਼ਿੰਮੇਵਾਰ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਅਤੇ ਸਹਿਯੋਗੀਆਂ ਵਿਰੁੱਧ ਪੰਜਾਬ ਸਿਵਲ ਨਿਯਮਾਂ ਤਹਿਤ ਅਨੁਸ਼ਾਸਨੀ ਕਾਰਵਾਈ, 131000 ਰੁਪਏ ਜੁਰਮਾਨਾ ਲਗਾਉਣ, ਪੁੱਟੇ ਗਏ ਹਰੇ ਭਰੇ ਰੁੱਖਾਂ ਬਦਲੇ ਪੰਜ ਗੁਣਾਂ 5 ਫੁੱਟ ਉਚਾਈ ਦੇ ਵਧੀਆ ਕਿਸਮਾਂ ਦੇ ਬੂਟੇ ਵਿਸ਼ੇਸ਼ ਜ਼ਮੀਨ ਵਿਚ ਲਾ ਕੇ ਪੰਜ ਸਾਲ ਸੰਭਾਲ ਕਰਨ ਦੀ ਜ਼ਿੰਮੇਵਾਰੀ ਤਹਿ ਕਰਨ, 25 ਏਕੜ ਵਾਲੀ ਜਗਾ ਵਿਚ ਖੜ੍ਹੇ ਬਾਕੀ ਰੁੱਖਾਂ 'ਤੇ ਨੰਬਰ ਲਾ ਕੇ ਵਿਸ਼ੇਸ਼ ਰਿਕਾਰਡ ਤਿਆਰ ਕਰ ਕੇ ਰੁੱਖਾਂ ਦੀ ਰੱਖਿਆ ਕਰਨ ਦੇ ਆਦੇਸ਼ ਦੇਣ ਦੀ ਵਿਸ਼ੇਸ਼ ਜਾਂਚ ਟੀਮ ਵਲੋਂ ਸਿਫ਼ਾਰਸ਼ ਕੀਤੀ ਗਈ ਹੈ |
ਮਾਮਲਾ ਨਗਰ ਸੁਧਾਰ ਟਰੱਸਟ ਦੀ 25 ਏਕੜ ਸਕੀਮ 'ਚੋਂ ਹਰੇ ਭਰੇ ਰੁੱਖ ਪੁੱਟਣ ਦਾ, ਐਨ.ਜੀ.ਟੀ. ਵਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਅਧਿਕਾਰੀਆਂ ਖ਼ਿਲਾਫ਼ ਐਫ਼.ਆਈ.ਆਰ. ਦਰਜ ਕਰਕੇ ਜੁਰਮਾਨਾ ਵਸੂਲਣ ਦੀ ਕੀਤੀ ਸਿਫ਼ਾਰਸ਼ <br/>
ਅਜੀਤ ਡੈਸਕ
14-05-2026