ਸਵਰਨਕਾਰੀ ਕਾਰੋਬਾਰ ਨਾਲ ਦੇਸ਼ ਭਰ ਵਿਚ 1 ਕਰੋੜ ਤੋਂ ਵੱਧ ਲੋਕ ਜੁੜੇ
ਸ਼ਿਵ ਸ਼ਰਮਾ
ਜਲੰਧਰ, 13 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਿਦੇਸ਼ੀ ਮੁਦਰਾ ਭੰਡਾਰ 'ਤੇ ਪੈ ਰਹੇ ਦਬਾਅ ਨੂੰ ਘਟਾਉਣ ਅਤੇ ਰੁਪਏ ਦੀ ਕੀਮਤ ਵਿਚ ਗਿਰਾਵਟ ਰੋਕਣ ਲਈ ਦੇਸ਼ਵਾਸੀਆਂ ਨੂੰ ਇੱਕ ਸਾਲ ਤੱਕ ਸੋਨਾ ਨਾ ਖ਼ਰੀਦਣ ਦੀ ਕੀਤੀ ਅਪੀਲ ਦਾ ਅਸਰ ਹੁਣ ਬਾਜ਼ਾਰ ਵਿਚ ਸਾਫ਼ ਨਜ਼ਰ ਆਉਣ ਲੱਗ ਪਿਆ ਹੈ | ਕਈ ਲੋਕਾਂ ਨੇ ਦੇਸ਼ ਹਿਤ ਵਿਚ ਇਸ ਅਪੀਲ ਨੂੰ ਮੰਨਦਿਆਂ ਨਵੀਂ ਖ਼ਰੀਦ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਦੇਸ਼ ਭਰ ਵਿਚ ਸੋਨੇ ਦੀ ਵਿੱਕਰੀ ਵਿਚ ਵੱਡੀ ਕਮੀ ਦਰਜ ਕੀਤੀ ਗਈ ਹੈ | ਇਹ ਖ਼ੁਲਾਸਾ ਆਲ ਇੰਡੀਆ ਜਿਊਲਰਜ਼ ਫੋਰਮ ਦੇ ਚੇਅਰਮੈਨ ਰਾਕੇਸ਼ ਕੁਮਾਰ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ੀ ਮੁਦਰਾ ਭੰਡਾਰ ਅਤੇ ਰੁਪਏ ਦੀ ਗਿਰਾਵਟ ਨੂੰ ਰੋਕਣ ਦੇ ਮੱਦੇਨਜ਼ਰ ਇਹ ਅਪੀਲ ਕੀਤੀ ਗਈ ਸੀ, ਜਿਸ ਤੋਂ ਬਾਅਦ ਬਾਜ਼ਾਰ ਵਿਚ ਸੋਨੇ ਦੀ ਵਿੱਕਰੀ ਵਿਚ ਕਮੀ ਦੇਖਣ ਨੂੰ ਮਿਲ ਰਹੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਇਸ ਕਾਰੋਬਾਰ ਨਾਲ ਕਰੀਬ 95 ਲੱਖ ਸਵਰਨਕਾਰ ਜੁੜੇ ਹੋਏ ਹਨ ਤੇ ਲਗਭਗ 1 ਕਰੋੜ ਲੋਕ ਸਿੱਧੇ ਜਾਂ ਅਸਿੱਧੇ ਤੌਰ 'ਤੇ ਇਸ ਉਦਯੋਗ ਨਾਲ ਸੰਬੰਧਿਤ ਹਨ | ਇਹ ਖੇਤਰ ਤਕਰੀਬਨ 5 ਕਰੋੜ ਲੋਕਾਂ ਦੇ ਪੋਸ਼ਣ ਦਾ ਆਧਾਰ ਬਣਿਆ ਹੋਇਆ ਹੈ | ਰਾਕੇਸ਼ ਕੁਮਾਰ ਅਨੁਸਾਰ ਦੇਸ਼ ਦੇ ਸਰਾਫ਼ਾ ਕਾਰੋਬਾਰੀ ਇਸ ਵੇਲੇ ਪ੍ਰਧਾਨ ਮੰਤਰੀ ਨੂੰ ਸੁਝਾਅ ਭੇਜ ਰਹੇ ਹਨ ਕਿ ਇਸ ਤਰ੍ਹਾਂ ਦੇ ਸੰਕਟ ਤੋਂ ਬਚਣ ਲਈ ਲੰਬੇ ਸਮੇਂ ਦੀ ਯੋਜਨਾ ਤਿਆਰ ਕੀਤੀ ਜਾਵੇ | ਇਸ ਤਹਿਤ ਘੱਟੋ-ਘੱਟ 5 ਹਜ਼ਾਰ ਟਨ ਸੋਨੇ ਦਾ ਬਫਰ ਸਟਾਕ ਰੱਖਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਇੰਨੇ ਵੱਡੇ ਖੇਤਰ ਵਿਚ ਬੇਰੁਜ਼ਗਾਰੀ ਦੀ ਸਥਿਤੀ ਪੈਦਾ ਨਾ ਹੋਵੇ | ਦੱਖਣੀ ਭਾਰਤ ਵਿਚ ਪਹਿਲਾਂ ਹੀ ਕਰੀਬ 70 ਫੀਸਦੀ ਪੁਰਾਣੇ ਗਹਿਣਿਆਂ ਦੀ ਰੀਸਾਈਕਲਿੰਗ ਕੀਤੀ ਜਾਂਦੀ ਹੈ ਤੇ ਇਹ ਰੁਝਾਨ ਵਧ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮੁੱਖ ਮਕਸਦ ਵਿਦੇਸ਼ੀ ਮੁਦਰਾ ਨੂੰ ਸੋਨੇ ਦੀ ਦਰਾਮਦ 'ਤੇ ਖ਼ਰਚ ਹੋਣ ਤੋਂ ਬਚਾਉਣਾ ਹੈ | ਇਸ ਲਈ ਸਰਕਾਰ ਵਲੋਂ ਸੋਨਾ, ਚਾਂਦੀਅਤੇ ਪਲੈਟੀਨਮ ਦੀ ਦਰਾਮਦ 'ਤੇ ਟੈਕਸ ਦਰਾਂ ਵਿਚ ਵਾਧਾ ਕੀਤਾ ਗਿਆ ਹੈ | ਆਰ. ਬੀ. ਆਈ. ਦੀ ਸਾਲਾਨਾ ਮਾਨੀਟਿਰੰਗ ਪਾਲਿਸੀ ਰਿਪੋਰਟ ਇਸ ਸਾਲ ਅਪ੍ਰੈਲ ਵਿਚ ਆਈ ਹੈ ਜਿਸ ਵਿਚ ਉਨ੍ਹਾਂ ਨੂੰ ਲੱਗਦਾ ਹੈ ਕਿ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਲਈ ਸਾਰੇ ਕਦਮ ਉਠਾਏ ਜਾ ਰਹੇ ਹਨ | ਰਾਕੇਸ਼ ਕੁਮਾਰ ਨੇ ਕਿਹਾ ਕਿ ਭਾਰਤ ਵਿਚ ਦੇਸ਼-ਭਗਤੀ ਦੀ ਭਾਵਨਾ ਬਹੁਤ ਮਜ਼ਬੂਤ ਹੈ ਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਸਰਕਾਰ ਇਕ ਪਾਸੇ ਵਿਦੇਸ਼ੀ ਮੁਦਰਾ ਭੰਡਾਰ ਦੀ ਰੱਖਿਆ ਕਰੇਗੀ ਤੇ ਦੂਜੇ ਪਾਸੇ ਸਰਾਫ਼ਾ ਖੇਤਰ ਵਿਚ ਰੋਜ਼ਗਾਰ ਨੂੰ ਬਚਾਉਣ ਲਈ ਵੀ ਹਰ ਸੰਭਵ ਕਦਮ ਚੁੱਕੇਗੀ |
ਦੇਸ਼ ਭਰ 'ਚ ਸੋਨੇ ਦੀ ਵਿਕਰੀ ਵਿਚ 30 ਫੀਸਦੀ ਕਮੀ
ਅਜੀਤ ਡੈਸਕ
14-05-2026