• ਬਹੁਤੇ ਸਰਕਾਰੀ ਦਫ਼ਤਰ ਹੋਏ ਮੁਲਾਜ਼ਮਾਂ ਤੋਂ ਸੱਖਣੇ-ਲੋਕ ਹੋ ਰਹੇ ਖੱਜਲ ਖੁਆਰ • ਕਈ ਸਕੂਲਾਂ ਨੂੰ ਵੀ ਲੱਗੇ ਤਾਲੇ
ਜਸਪਾਲ ਸਿੰਘ
ਜਲੰਧਰ, 13 ਮਈ-ਪੰਜਾਬ 'ਚ ਇਕੋ ਸਮੇਂ ਮਰਦਮਸ਼ੁਮਾਰੀ, ਚੋਣਾਂ ਤੇ ਹੋਰਨਾਂ ਸਰਵੇਖਣਾਂ ਦਾ ਕੰਮ ਸ਼ੁਰੂ ਹੋਣ ਨਾਲ ਜਿੱਥੇ ਰਾਜ ਦੇ ਮੁਲਾਜ਼ਮਾਂ 'ਤੇ ਕੰਮ ਦਾ ਵਾਧੂ ਬੋਝ ਆਣ ਪਿਆ ਹੈ, ਉੱਥੇ ਮੁਲਾਜ਼ਮਾਂ ਦੇ ਇਨ੍ਹਾਂ ਗੈਰ ਦਫਤਰੀ ਕੰਮਾਂ 'ਚ ਰੁੱਝੇ ਹੋਣ ਕਾਰਨ ਲੋਕਾਂ ਨੂੰ ਵੀ ਸਰਕਾਰੀ ਦਫਤਰਾਂ 'ਚ ਆਪਣੇ ਕੰਮ-ਕਾਰ ਕਰਵਾਉਣ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਰਾਜ ਦੇ ਕਰੀਬ ਡੇਢ ਲੱਖ ਸਰਕਾਰੀ ਮੁਲਾਜ਼ਮਾਂ ਦੇ ਇਸ ਸਮੇਂ ਵੱਖ-ਵੱਖ ਸਰਵੇਖਣਾਂ ਦੇ ਕੰਮ 'ਚ ਲੱਗੇ ਹੋਣ ਕਾਰਨ ਰਾਜ ਦੇ ਬਹੁਤੇ ਸਰਕਾਰੀ ਦਫਤਰਾਂ ਅਤੇ ਸਕੂਲਾਂ ਨੂੰ ਵੀ ਤਾਲੇ ਲੱਗ ਗਏ ਹਨ | ਰਾਜ 'ਚ 15 ਮਈ ਤੋਂ ਆਰੰਭ ਹੋਣ ਜਾ ਰਹੀ ਮਰਦਮਸ਼ੁਮਾਰੀ 'ਚ ਜਿੱਥੇ 65 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਹਨ, ਉੱਥੇ ਰਾਜ ਦੇ 28 ਹਜ਼ਾਰ ਮੁਲਾਜ਼ਮ ਪਹਿਲਾਂ ਤੋਂ ਹੀ ਸੂਬੇ 'ਚ ਚੱਲ ਰਹੇ ਨਸ਼ੇ, ਸਮਾਜਿਕ ਤੇ ਆਰਥਿਕ ਸਰਵੇਖਣ 'ਚ ਲੱਗੇ ਹੋਏ ਹਨ | ਇਸੇ ਤਰ੍ਹਾਂ ਵੋਟਾਂ ਦੀ ਸੁਧਾਈ (ਐਸ. ਆਈ. ਆਰ.) ਦੇ ਚੱਲ ਰਹੇ ਕੰਮ 'ਚ ਵੀ ਰਾਜ ਦੇ 8 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗੀਆਂ ਹਨ | ਜਦਕਿ 26 ਮਈ ਨੂੰ ਹੋਣ ਜਾ ਰਹੀਆਂ ਰਾਜ ਦੀਆਂ 8 ਨਗਰ ਨਿਗਮਾਂ ਤੇ 102 ਨਗਰ ਕੌਂਸਲਾਂ ਦੀਆਂ ਚੋਣਾਂ ਸੰਬੰਧੀ ਵੀ 36 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਦੀ ਚੋਣ ਡਿਊਟੀ ਲਗਾਈ ਹੈ, ਜਦਕਿ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇਸ ਤੋਂ ਵੱਖਰੀ ਹੈ | ਹਾਲਾਂਕਿ ਮਰਦਮਸ਼ੁਮਾਰੀ ਦਾ ਕੰਮ 16 ਮਈ ਤੋਂ ਸ਼ੁਰੂ ਹੋਣਾ ਹੈ ਪਰ ਇਸ ਸੰਬੰਧੀ ਮੁਲਾਜ਼ਮਾਂ ਦੀ ਸਿਖਲਾਈ ਦਾ ਕੰਮ ਕਈ ਦਿਨਾਂ ਤੋਂ ਚੱਲ ਰਿਹਾ ਹੈ, ਇਸੇ ਤਰ੍ਹਾਂ ਹੁਣ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਅਮਲੇ ਦੀ ਵੀ ਸਿਖਲਾਈ ਸ਼ੁਰੂ ਹੋ ਗਈ ਹੈ | ਓਧਰ ਇਕੋ ਸਮੇਂ ਹੁਣ ਮਰਦਮਸ਼ੁਮਾਰੀ, ਚੋਣਾਂ ਤੇ ਵੋਟਾਂ ਦੀ ਸੁਧਾਈ (ਐਸ. ਆਈ. ਆਰ.) ਸਮੇਤ ਹੋਰਨਾਂ ਸਰਵੇਖਣਾਂ 'ਚ ਵੱਡੀ ਗਿਣਤੀ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗਣ ਨਾਲ ਜ਼ਿਆਦਾਤਰ ਦਫਤਰ ਮੁਲਾਜ਼ਮਾਂ ਤੋਂ ਸੱਖਣੇ ਹੋ ਗਏ ਹਨ | 20 ਹਜ਼ਾਰ ਦੇ ਕਰੀਬ ਅਧਿਆਪਕਾਂ ਦੀ ਵੀ ਵੱਖ-ਵੱਖ ਸਰਵੇਖਣਾਂ ਲਈ ਡਿਊਟੀ ਲਗਾਈ ਗਈ ਹੈ ਤੇ ਕਈ ਸਕੂਲਾਂ 'ਚ ਸਾਰੇ ਹੀ ਅਧਿਆਪਕਾਂ ਦੀ ਡਿਊਟੀ ਲੱਗਣ ਕਾਰਨ ਇਨ੍ਹਾਂ ਸਕੂਲਾਂ 'ਚ ਬੱਚਿਆਂ ਨੂੰ ਛੁੱਟੀਆਂ ਕਰਨੀਆਂ ਪੈ ਰਹੀਆਂ ਹਨ | 28 ਹਜ਼ਾਰ ਦੇ ਕਰੀਬ ਆਂਗਣਵਾੜੀ ਵਰਕਰਾਂ ਵਲੋਂ ਵੀ ਨਸ਼ੇ, ਸਮਾਜਿਕ ਤੇ ਆਰਥਿਕ ਜਨਗਣਨਾ ਤੋਂ ਇਲਾਵਾ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਾਉਣ ਦੇ ਕੰਮਾਂ 'ਚ ਲੱਗੇ ਹੋਣ ਕਾਰਨ ਬੱਚਿਆਂ ਦੀ ਦੇਖ-ਭਾਲ ਅਤੇ ਖਾਸ ਕਰਕੇ ਗਰਭਵਤੀ ਔਰਤਾਂ ਦੀ ਸਮੇਂ ਸਿਰ ਸਰੀਰਕ ਜਾਂਚ ਵੀ ਪ੍ਰਭਾਵਿਤ ਹੋ ਰਹੀ ਹੈ | ਇਸ ਦੌਰਾਨ ਵੱਖ-ਵੱਖ ਮੁਲਾਜ਼ਮ ਤੇ ਅਧਿਆਪਕ ਯੂਨੀਅਨਾਂ ਵਲੋਂ ਮਰਦਮਸ਼ੁਮਾਰੀ, ਚੋਣ ਡਿਊਟੀ ਤੇ ਹੋਰਨਾਂ ਵੱਖ-ਵੱਖ ਤਰ੍ਹਾਂ ਦੇ ਸਰਵੇਖਣਾਂ ਦਾ ਕੰਮ ਕਰਨ ਤੋਂ ਇਨਕਾਰ ਕਰਦਿਆਂ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਵੀ ਕੀਤੇ ਗਏ ਪਰ ਸਰਕਾਰ ਦਾ ਕਹਿਣਾ ਹੈ ਕਿ ਸੂਬੇ ਦੀ ਤਰੱਕੀ ਤੇ ਬਿਹਤਰੀ ਲਈ ਇਹ ਸਰਵੇਖਣ ਬੇਹੱਦ ਜ਼ਰੂਰੀ ਹਨ ਤੇ ਇਸ ਵਿਚ ਮੁਲਾਜ਼ਮਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਤੇ ਇਸ ਬਦਲੇ ਸਰਕਾਰ ਵਲੋਂ ਇਨ੍ਹਾਂ ਕੰਮਾਂ 'ਚ ਲੱਗੇ ਮੁਲਾਜ਼ਮਾਂ ਨੂੰ ਮਿਹਨਤਾਨਾ ਵੀ ਦਿੱਤਾ ਜਾਣਾ ਹੈ |
ਡੇਢ ਲੱਖ ਦੇ ਕਰੀਬ ਸਰਕਾਰੀ ਮੁਲਾਜ਼ਮ ਮਰਦਮਸ਼ੁਮਾਰੀ, ਚੋਣਾਂ ਅਤੇ ਹੋਰਨਾਂ ਸਰਵੇਖਣਾਂ ਵਿਚ ਰੁੱਝੇ
ਅਜੀਤ ਡੈਸਕ
14-05-2026