25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਬੀ.ਬੀ.ਐੱਮ.ਬੀ. 'ਚੋਂ ਪੰਜਾਬ ਦੀ ਸਥਾਈ ਮੈਂਬਰੀ ਖ਼ਤਮ ਕਰਨ ਵਿਰੁੱਧ ਰਾਜਪਾਲ ਭਵਨ ਵੱਲ ਕੂਚ ਕਰ ਰਹੇ ਕਿਸਾਨਾਂ 'ਤੇ ਪੁਲਿਸ ਨੇ ਦਾਗੇ ਅੱਥਰੂ ਗੈਸ ਦੇ ਗੋਲੇ

Ad Position 21
No active advertisement
ਅਜੀਤ ਡੈਸਕ 16-05-2026

• ਕਈ ਕਿਸਾਨ ਹੋਏ ਜ਼ਖ਼ਮੀ • ਕਿਸਾਨਾਂ 'ਤੇ ਜਬਰ ਕਰਨ ਵਿਰੁੱਧ ਅੱਜ ਫੂਕੇ ਜਾਣਗੇ ਭਾਜਪਾ ਤੇ ਰਾਜਪਾਲ ਦੇ ਪੁਤਲੇ
ਐੱਸ. ਏ. ਐੱਸ. ਨਗਰ, 15 ਮਈ (ਤਰਵਿੰਦਰ ਸਿੰਘ ਬੈਨੀਪਾਲ)- ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਕੇਂਦਰ ਸਰਕਾਰ ਵਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ. ਬੀ. ਐੱਮ. ਬੀ.) ਵਿਚੋਂ ਪੰਜਾਬ ਦੀ ਸਥਾਈ ਮੈਂਬਰੀ ਖ਼ਤਮ ਕਰਨ ਦੇ ਨੋਟੀਫ਼ਿਕੇਸ਼ਨ ਨੂੰ ਰੱਦ ਕਰਵਾਉਣ ਸਮੇਤ ਪਾਣੀਆਂ ਨਾਲ ਸੰਬੰਧਿਤ ਹੋਰਨਾਂ ਮੰਗਾਂ ਨੂੰ ਲੈ ਕੇ ਅੱਜ ਰਾਜਪਾਲ ਭਵਨ ਵੱਲ ਕੂਚ ਕੀਤਾ | ਇਸ ਮਾਰਚ ਵਿਚ ਸ਼ਾਮਿਲ ਹਜ਼ਾਰਾਂ ਕਿਸਾਨਾਂ ਤੇ ਵੱਡੀ ਗਿਣਤੀ 'ਚ ਸ਼ਾਮਿਲ ਕਿਸਾਨ ਬੀਬੀਆਂ ਵਲੋਂ ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦੇ ਵਿਰੋਧ 'ਚ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਲੋਂ ਸਥਾਨਕ ਫੇਜ਼-8 ਸਥਿਤ ਨੇਚਰ ਪਾਰਕ ਵਿਖੇ ਰੈਲੀ ਕਰਨ ਉਪਰੰਤ ਬਾਅਦ ਦੁਪਹਿਰ 1.30 ਵਜੇ ਕਿਸਾਨ ਆਗੂਆਂ ਦੀ ਅਗਵਾਈ ਵਿਚ ਚੰਡੀਗੜ੍ਹ ਸਥਿਤ ਰਾਜਪਾਲ ਭਵਨ ਵੱਲ ਕੂਚ ਕੀਤਾ ਗਿਆ ਅਤੇ ਇਸੇ ਦੌਰਾਨ ਵਾਈ. ਪੀ. ਐੱਸ. ਦੇ ਸਾਹਮਣੇ ਤੋਂ ਹੁੰਦੇ ਹੋਏ ਕਿਸਾਨ ਬੁੜੈਲ ਜੇਲ੍ਹ ਰੋਡ ਦੇ ਨਾਲ ਵਾਲੀ ਸੜਕ ਰਾਹੀਂ ਚੰਡੀਗੜ੍ਹ ਵਿਚ ਦਾਖ਼ਲ ਹੋਏ | ਸ਼ਾਂਤਮਈ ਢੰਗ ਨਾਲ ਅੱਗੇ ਵਧ ਰਹੇ ਕਿਸਾਨਾਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵਲੋਂ ਚੰਡੀਗੜ੍ਹ ਦੇ ਸੈਕਟਰ 50-51 ਵਾਲੇ ਚੌਕ ਨੇੜੇ 3 ਲੇਅਰ ਸਖ਼ਤ ਬੈਰੀਕੇਡਿੰਗ ਕੀਤੀ ਹੋਈ ਸੀ | ਇਸ ਦੌਰਾਨ ਚੰਡੀਗੜ੍ਹ ਪੁਲਿਸ ਤੇ ਕਿਸਾਨਾਂ ਵਿਚਕਾਰ ਹੋਈ ਕਸ਼ਮਕੱਸ਼ ਦੌਰਾਨ 5 ਦਰਜਨ ਤੋਂ ਵਧੇਰੇ ਕਿਸਾਨ ਬੈਰੀਕੇਡਿੰਗ ਦੀ ਪਹਿਲੀ ਲੇਅਰ ਤੋੜ ਕੇ ਅੱਗੇ ਵਧਣ ਵਿਚ ਸਫ਼ਲ ਹੋ ਗਏ, ਪਰ ਚੰਡੀਗੜ੍ਹ ਪੁਲਿਸ ਵਲੋਂ ਹਲਕਾ ਲਾਠੀਚਾਰਜ ਕਰਕੇ ਇਨ੍ਹਾਂ ਨੂੰ ਖਦੇੜ ਦਿੱਤਾ ਗਿਆ, ਜਦਕਿ ਕੁਝ ਕਿਸਾਨਾਂ ਤੇ ਔਰਤਾਂ ਨੂੰ ਬੱਸਾਂ ਵਿਚ ਬਿਠਾ ਕੇ ਥਾਣੇ ਲਿਜਾਇਆ ਗਿਆ | ਇਸ ਖਿੱਚੋਤਾਣ ਦੌਰਾਨ ਚੰਡੀਗੜ੍ਹ ਪੁਲਿਸ ਵਲੋਂ ਕਈ ਵਾਰ ਜਲ ਤੋਪਾਂ ਰਾਹੀਂ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ | ਇਸੇ ਦੌਰਾਨ ਕਈ ਕਿਸਾਨ ਜ਼ਖ਼ਮੀ ਹੋ ਗਏ | ਕਿਸਾਨਾਂ ਦੀ ਚੰਡੀਗੜ੍ਹ ਪੁਲਿਸ ਨਾਲ ਕਰੀਬ 40 ਮਿੰਟ ਜੱਦੋ-ਜਹਿਦ ਹੁੰਦੀ ਰਹੀ | ਉਪਰੰਤ ਚੰਡੀਗੜ੍ਹ ਪੁਲਿਸ ਵਲੋਂ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਗਏ | ਇਸ ਤੋਂ ਬਾਅਦ ਉਨ੍ਹਾਂ ਬੈਰੀਕੇਡਾਂ ਨੇੜੇ ਹੀ ਧਰਨਾ ਦੇਣਾ ਆਰੰਭ ਕਰ ਦਿੱਤਾ | ਇਸ ਮੌਕੇ ਕਿਸਾਨ ਆਗੂਆਂ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ 'ਤੇ ਰਾਜਪਾਲ ਪੰਜਾਬ ਵਲੋਂ ਕਿਸਾਨਾਂ 'ਤੇ ਜਬਰ ਕਰਨ ਦੀ ਚੰਡੀਗੜ੍ਹ ਪੁਲਿਸ ਨੂੰ ਖੁੱਲ੍ਹੀ ਛੁੱਟੀ ਦੇਣ ਵਿਰੁੱਧ ਅੱਜ 16 ਮਈ ਨੂੰ ਪੰਜਾਬ ਭਰ ਵਿਚ ਭਾਜਪਾ ਅਤੇ ਰਾਜਪਾਲ ਪੰਜਾਬ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਗਿਆ | ਉਨ੍ਹਾਂ ਭਾਜਪਾ ਨੂੰ ਸੰਘਰਸ਼ ਦੇ ਕੇਂਦਰ 'ਚ ਰੱਖਣ ਦਾ ਐਲਾਨ ਕਰਦਿਆਂ ਅਗਲੀ ਰਣਨੀਤੀ ਤੈਅ ਕਰਨ ਲਈ 21 ਮਈ ਨੂੰ ਮੋਰਚੇ ਦੀ ਮੀਟਿੰਗ ਸੱਦੀ ਹੈ | ਚੰਡੀਗੜ੍ਹ ਵੱਲ ਕੂਚ ਕਰਨ ਤੋਂ ਪਹਿਲਾਂ ਨੇਚਰ ਪਾਰਕ ਵਿਚ ਇਕੱਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਹਰਿੰਦਰ ਸਿੰਘ ਲੱਖੋਵਾਲ, ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਬਲਦੇਵ ਸਿੰਘ ਨਿਹਾਲਗੜ੍ਹ ਅਤੇ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚੋਂ ਪੰਜਾਬ ਦੀ ਸਥਾਈ ਮੈਂਬਰੀ ਖ਼ਤਮ ਕਰਨ ਲਈ ਜਾਰੀ ਕੀਤੇ ਨੋਟੀਫ਼ਿਕੇਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ | ਇਸ ਮੌਕੇ ਜੰਗਵੀਰ ਸਿੰਘ ਚੌਹਾਨ, ਗੁਰਮੀਤ ਸਿੰਘ ਮਹਿਮਾ, ਮਨਜੀਤ ਸਿੰਘ ਧਨੇਰ, ਰੁਲਦੂ ਸਿੰਘ ਮਾਨਸਾ, ਡਾ. ਸਤਨਾਮ, ਅਵਤਾਰ ਮਹਿਮਾ, ਬਲਵਿੰਦਰ ਸਿੰਘ ਰਾਜੂ ਔਲਖ, ਪ੍ਰੇਮ ਸਿੰਘ ਭੰਗੂ, ਬਲਜੀਤ ਸਿੰਘ ਗਰੇਵਾਲ, ਹਰਜਿੰਦਰ ਸਿੰਘ ਟਾਂਡਾ, ਬਲਵਿੰਦਰ ਸਿੰਘ ਮੱਲੀਨੰਗਲ, ਕੰਵਲਜੀਤ ਸਿੰਘ ਪੰਨੂ, ਹਰਭਜਨ ਸਿੰਘ ਬੁੱਟਰ, ਬਲਵਿੰਦਰ ਸਿੰਘ ਰਾਜੂ, ਵੀਰ ਸਿੰਘ ਬੜਵਾ, ਲੱਖਣਪਾਲ ਸ਼ਰਮਾ, ਤਰਸੇਮ ਸਿੰਘ ਹੀਰਕੇ, ਬੂਟਾ ਸਿੰਘ ਸ਼ਾਦੀਪੁਰ, ਸਤਨਾਮ ਸਿੰਘ ਅਜਨਾਲਾ ਤੇ ਬੂਟਾ ਸਿੰਘ ਬੁਰਜ ਗਿੱਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਫ਼.ਆਈ.ਆਰ 'ਤੇ ਸਰਕਾਰ ਦੀ ਚੁੱਪ 'ਤੇ ਹਾਈ ਕੋਰਟ ਸਖ਼ਤ <br/> ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਚੋਣਾਂ ਸੰਬੰਧੀ ਦਿੱਲੀ 'ਚ ਲਗਾਇਆ ਜਾਵੇਗਾ ਮੋਰਚਾ-ਗਿਆਨੀ ਹਰਪ੍ਰੀਤ ਸਿੰਘ <br/>
Ad Position 24