ਅੰਮਿ੍ਤਸਰ, 20 ਮਈ (ਰੇਸ਼ਮ ਸਿੰਘ)-ਰਾਜ 'ਚ 108 ਐਂਬੂਲੈਂਸ ਸੇਵਾ ਨੇ ਰਾਜ ਵਿਚ ਤੁਰੰਤ ਐਮਰਜੈਂਸੀ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਜਿਸ ਵਲੋਂ ਬੀਤੇ ਸਾਲ ਅਪ੍ਰੈਲ 2025 ਤੋਂ ਹੁਣ ਮਾਰਚ 26 ਦੇ ਵਿਚਕਾਰ 1,93,698 ਐਮਰਜੈਂਸੀ ਮਾਮਲਿਆਂ 'ਚ ਸੇਵਾਵਾਂ ਪ੍ਰਦਾਨ ਕੀਤੀਆਂ ਹਨ ਅਤੇ ਇਹ ਅੰਕੜੇ ਵੱਖ-ਵੱਖ ਜ਼ਿਲਿ੍ਹਆਂ ਵਿਚ ਸੇਵਾ ਦੀ ਵਿਆਪਕ ਪਹੁੰਚ ਅਤੇ ਪ੍ਰਭਾਵਸ਼ਾਲੀ ਕਾਰਜਸ਼ੀਲਤਾ ਨੂੰ ਦਰਸਾਉਂਦੇ ਹਨ | ਜ਼ੈਨਪਲੱਸ ਪ੍ਰਾਈਵੇਟ ਲਿਮਟਿਡ ਦੁਆਰਾ ਚਲਾਈ ਜਾ ਇਸ ਸੇਵਾ ਵਲੋਂ ਐਮਰਜੈਂਸੀਆਂ ਸਭ ਤੋਂ ਵੱਧ 74,570 ਮਾਮਲਿਆਂ 'ਚੋੋਂ 50 ਹਜ਼ਾਰ 993 ਗਰਭ ਅਵਸਥਾ ਨਾਲ ਸਬੰਧਤ ਮਾਮਲਿਆਂ ਵਿਚ ਗਰਭਵਤੀ ਔਰਤਾਂ ਨੂੰ ਸੁਰੱਖਿਅਤ ਆਵਾਜਾਈ ਅਤੇ ਸਮੇਂ ਸਿਰ ਸਹਾਇਤਾ ਪ੍ਰਦਾਨ ਕੀਤੀ | ਇਸ ਤੋਂ ਇਲਾਵਾ, 108 ਸੇਵਾ ਨੇ 26 ਹਜ਼ਾਰ 908 ਸੜਕ ਹਾਦਸਿਆਂ ਅਤੇ 21 ਹਜ਼ਾਰ 881 ਦਿਲ ਦੀਆਂ ਐਮਰਜੈਂਸੀਆਂ ਵਿਚ ਤੁਰੰਤ ਜੀਵਨ ਬਚਾਉਣ ਵਾਲਾ ਦਖਲ ਪ੍ਰਦਾਨ ਕੀਤਾ | ਸਿਖਲਾਈ ਪ੍ਰਾਪਤ ਸਟਾਫ ਅਤੇ ਹੁਨਰਮੰਦ ਡਰਾਇਵਰਾਂ ਨੇ 19,346 ਹੋਰ ਐਮਰਜੈਂਸੀ ਮਾਮਲਿਆਂ ਵਿਚ ਵੀ ਸਹਾਇਤਾ ਪ੍ਰਦਾਨ ਕੀਤੀ | ਇਸ ਸੇਵਾ ਲਈ ਜ਼ਿਲ੍ਹਾ ਪੱਧਰ 'ਤੇ, ਲੁਧਿਆਣਾ ਵਿਚ ਸਭ ਤੋਂ ਵੱਧ 26,429 ਮਾਮਲੇ ਦਰਜ ਕੀਤੇ ਗਏ | ਇਸ ਤੋਂ ਬਾਅਦ ਜਲੰਧਰ 16 ਹਜ਼ਾਰ 809, ਐਸਏਐਸ ਨਗਰ 16 ਹਜ਼ਾਰ 284 , ਅੰਮਿ੍ਤਸਰ 14,964 ਅਤੇ ਪਟਿਆਲਾ 14,793 ਦਾ ਨੰਬਰ ਆਉਂਦਾ ਹੈ | ਹੁਸ਼ਿਆਰਪੁਰ 10,167, ਬਠਿੰਡਾ 9,663 ਅਤੇ ਗੁਰਦਾਸਪੁਰ 8,735 ਵਿਚ ਵੀ ਮਹੱਤਵਪੂਰਨ ਐਮਰਜੈਂਸੀ ਪ੍ਰਤੀਕਿਰਿਆਵਾਂ ਦਰਜ ਕੀਤੀਆਂ ਗਈਆਂ, ਜੋ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਵਿਚ ਮਜ਼ਬੂਤ ਸੇਵਾ ਪਹੁੰਚ ਨੂੰ ਦਰਸਾਉਂਦੀਆਂ ਹਨ | ਕੁੱਲ ਮਿਲਾ ਕੇ 108 ਐਂਬੂਲੈਂਸ ਸੇਵਾ ਨੇ ਰਾਜ ਦੀ ਭਰੋਸੇਮੰਦ ਸਿਹਤ ਜੀਵਨ ਰੇਖਾ ਵਜੋਂ ਆਪਣੀ ਸਾਖ ਨੂੰ ਮਜ਼ਬੂਤ ਕੀਤਾ ਹੈ, ਜਿਸ ਨਾਲ 2011 ਤੋਂ 31 ਲੱਖ 77 ਹਜ਼ਾਰ 997 ਲੋਕਾਂ ਨੂੰ ਲਾਭ ਪਹੁੰਚਿਆ ਹੈ | ਪ੍ਰਾਜੈਕਟ ਹੈੱਡ ਮਨੀਸ਼ ਬੱਤਰਾ ਨੇ ਕਿਹਾ ਕਿ ਇਹ ਸੇਵਾ ਭਰੋਸੇਮੰਦ ਅਤੇ ਪੇਸ਼ੇਵਰ ਐਮਰਜੈਂਸੀ ਦੇਖਭਾਲ ਪ੍ਰਦਾਨ ਕਰਨ ਲਈ ਵਚਨਬੱਧ ਹੈ |