ਅੰਮਿ੍ਤਸਰ, 21 ਮਈ (ਰੇਸ਼ਮ ਸਿੰਘ)-ਸਾਈਬਰ-ਅੱਤਵਾਦ ਤੇ ਧੋਖਾਧੜੀ ਦੇ ਖਤਰਿਆਂ ਵਿਰੁੱਧ ਇਕ ਵੱਡੀ ਸਫਲਤਾ ਵਿਚ ਕਮਿਸ਼ਨਰੇਟ ਪੁਲਿਸ ਨੇ ਪੱਛਮੀ ਬੰਗਾਲ ਤੋਂ ਇਕ ਮੁੱਖ ਸੰਚਾਲਕ ਨੂੰ ਗਿ੍ਫ਼ਤਾਰ ਕੀਤਾ ਹੈ ਜੋ ਕਈ ਰਾਜਾਂ ਦੇ ਸਕੂਲਾਂ ਤੇ ਹੋਰ ਸੰਵੇਦਨਸ਼ੀਲ ਅਦਾਰਿਆਂ ਨੂੰ ਸਮੂਹਿਕ ਬੰਬ ਧਮਾਕੇ ਕਰਨ ਦੀ ਧਮਕੀ ਵਾਲੇ ਈ-ਮੇਲ ਭੇਜ ਰਿਹਾ ਸੀ | ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗਿ੍ਫਤਾਰ ਕੀਤੇ ਮੁਲਜ਼ਮ ਦੀ ਸ਼ਨਾਖਤ ਸੌਰਵ ਬਿਸਵਾਸ ਉਰਫ ਮਾਈਕਲ (30) ਵਾਸੀ ਪੱਛਮੀ ਬੰਗਾਲ ਵਜੋਂ ਹੋਈ ਹੈ | ਇਹ ਬਾਰ੍ਹਵੀਂ ਜਮਾਤ ਪਾਸ ਹੈ ਤੇ ਗ੍ਰਾਫਿਕ ਡੀਜ਼ਾਇਨਰ ਵਜੋਂ ਕੰਮ ਕਰਦਾ ਹੈ | ਇਸ ਨੂੰ ਪਹਿਲਾਂ ਗੁਜ਼ਰਾਤ ਪੁਲਿਸ ਵਲੋਂ ਵੀ ਨਾਮਜ਼ਦ ਕੀਤਾ ਗਿਆ ਸੀ | ਇਸ ਪਾਸੋਂ ਪੁਲਿਸ ਨੇ 3 ਸੀ. ਪੀ. ਯੂ. ਵੀ ਬਰਾਮਦ ਕੀਤੇ ਹਨ | ਸੀ. ਪੀ. ਭੁੱਲਰ ਨੇ ਦੱਸਿਆ ਕਿ ਤਕਨੀਕੀ ਜਾਂਚ ਉਪਰੰਤ ਇਹ ਪੁਸ਼ਟੀ ਹੋਈ ਕਿ ਇਸ ਵਲੋਂ ਹੀ ਈ-ਮੇਲ ਖਾਤਿਆਂ ਦੀ ਵਰਤੋਂ ਅੰਮਿ੍ਤਸਰ ਤੇ ਦੇਸ਼ ਦੇ ਵੱਖ-ਵੱਖ ਹੋਰ ਹਿੱਸਿਆਂ ਵਿਚ ਧਮਕੀ ਭਰੇ ਈ-ਮੇਲ ਭਜੇ ਗਏ ਸਲ | ਪੁਲਿਸ ਜਾਂਚ ਦੌਰਾਨ, ਇਹ ਖੁਲਾਸਾ ਹੋਇਆ ਕਿ ਦੋਸ਼ੀ ਵੱਖ-ਵੱਖ ਫੇਸਬੁੱਕ ਸਮੂਹਾਂ ਰਾਹੀਂ ਈ-ਮੇਲ ਖਾਤਿਆਂ ਨੂੰ ਖਰੀਦਣ ਅਤੇ ਵੇਚਣ ਦੇ ਕਾਰੋਬਾਰ ਵਿਚ ਸ਼ਾਮਿਲ ਸੀ | ਲਗਭਗ 300 ਜੀ-ਮੇਲ ਖਾਤੇ ਅਣਪਛਾਤੇ ਵਿਅਕਤੀਆਂ ਤੋਂ ਆਨਲਾਈਨ ਪਲੇਟਫਾਰਮਾਂ ਰਾਹੀਂ ਖਰੀਦੇ ਗਏ ਸਨ | ਇਨ੍ਹਾਂ ਖਾਤਿਆਂ ਨੂੰ ਖਰੀਦਣ ਅਤੇ ਵੇਚਣ ਲਈ ਲੈਣ-ਦੇਣ ਕਿ੍ਪਟੋਕਰੰਸੀ ਦੀ ਵਰਤੋਂ ਕਰਕੇ ਕੀਤੇ ਗਏ ਸਨ | ਇਸ ਤੋਂ ਇਲਾਵਾ ਇਹ ਪਾਇਆ ਵੀ ਗਿਆ ਕਿ ਇਨ੍ਹਾਂ ਈ-ਮੇਲ ਖਾਤਿਆਂ ਨੂੰ ਬਾਅਦ ਵਿਚ ਪਾਕਿਸਤਾਨ ਸਥਿਤ ਅਣਪਛਾਤੇ ਵਿਅਕਤੀਆਂ ਨੂੰ ਸਪਲਾਈ ਕੀਤਾ ਗਿਆ ਸੀ |
ਮੁੜ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ
ਅੱਜ ਵੀ ਸ਼ਹਿਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈ ਮੇਲ ਮਿਲੀਆਂ ਹਨ | ਹਾਲਾਂਕਿ ਪੁਲਿਸ ਵਲੋਂ ਤੁਰੰਤ ਅਹਿਤਿਆਦ ਵਰਤਦਿਆਂ ਧਮਕੀ ਭਰੀ ਈ ਮੇਲ ਮਿਲਣ ਵਾਲੇ ਸਕੂਲਾਂ ਦੀ ਜਾਂਚ ਕੀਤੀ ਜਾ ਰਹੀ ਹੈ | ਇਹ ਧਮਕੀਆਂ ਉਸ ਵੇਲੇ ਮਿਲੀਆਂ ਜਦੋਂ ਕਿ ਸਕੂਲ ਲੱਗੇ ਹੋਏ ਸਨ ਤੇ ਵਿਦਿਆਰਥੀ ਉਥੇ ਪੜ੍ਹ ਰਹੇ ਸਨ | ਡੀ.ਸੀ.ਪੀ. (ਅਮਨ -ਕਾਨੂੰਨ) ਆਲਮ ਵਿਜੈ ਸਿਘ ਨੇ ਅੱਜ ਮਿਲੀਆਂ ਧਮਕੀਆਂ ਉਪਰੰਤ ਪੁਲਿਸ ਵਲੋਂ ਡਾਗ ਸਕੂਐਡ, ਐਂਟੀ ਸੇਬੋਟਾਈਜ਼ ਟੀਮ ਤੇ ਥਾਣਾ ਮੁਖੀਆਂ ਵਲੋਂ ਪੁਲਿਸ ਪਾਰਟੀਆਂ ਨਾਲ ਦੌਰਾ ਕੀਤਾ ਗਿਆ ਤੇ ਸਕੂਲਾਂ ਦੀ ਜਾਂਚ ਕੀਤੀ ਗਈ |
ਸਕੂਲਾਂ ਤੇ ਹੋਰ ਸੰਸਥਾਵਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਵਾਲੇ ਅੰਤਰਰਾਜ਼ੀ ਗਰੋਹ ਦਾ ਪਰਦਾਫ਼ਾਸ਼
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ<br/>
22-05-2026