ਅੰਮਿ੍ਤਸਰ, 22 ਮਈ (ਰੇਸ਼ਮ ਸਿੰਘ)-ਰਾਜ ਭਰ ਦੇ ਸਕੂਲਾਂ ਤੇ ਹੋਰ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਦੇ ਮਾਮਲੇ 'ਚ ਕਮਿਸ਼ਨਰੇਟ ਪੁਲਿਸ ਵਲੋਂ ਪੱਛਮੀ ਬੰਗਾਲ ਤੋਂ ਇਕ ਮੁੱਖ ਸੰਚਾਲਕ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਦਾ ਪਿਛੋਕੜ ਬੰਗਲਾ ਦੇਸ਼ ਨਾਲ ਹੋਣ ਦਾ ਖਦਸ਼ਾ ਹੈ | ਹਾਲਾਂਕਿ ਪੁਲਿਸ ਵਲੋਂ ਉਸ ਦੀ ਨਾਗਰਿਕਤਾ ਬਾਰੇ ਜਾਂਚ ਕੀਤੀ ਜਾ ਰਹੀ ਹੈ | ਇਸ ਦੇ ਨਾਲ ਹੀ ਪਾਕਿਸਤਾਨੀ ਤੱਤਾਂ ਦੀ ਵੀ ਇਸ ਮਾਮਲੇ 'ਚ ਸ਼ਮੂਲੀਅਤ ਪਾਈ ਗਈ ਹੈ | ਅੱਜ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਧਮਕੀ ਭਰੇ ਈ-ਮੇਲਾਂ ਦਾ ਮਕਸਦ ਦਹਿਸ਼ਤ ਫ਼ੈਲਾਉਣਾ ਅਤੇ ਜਨਤਕ ਸ਼ਾਂਤੀ ਅਤੇ ਰਾਸ਼ਟਰੀ ਸੁਰੱਖਿਆ ਨੂੰ ਭੰਗ ਕਰਨਾ ਸੀ | ਗਿ੍ਫਤਾਰ ਕੀਤੇ ਮੁਲਜ਼ਮ ਦੀ ਸ਼ਨਾਖਤ ਸੌਰਵ ਬਿਸਵਾਸ ਉਰਫ ਮਾਈਕਲ (30) ਵਾਸੀ ਪੱਛਮੀ ਬੰਗਾਲ ਵਜੋਂ ਹੋਈ ਹੈ | ਇਹ ਬਾਰ੍ਹਵੀਂ ਜਮਾਤ ਪਾਸ ਹੈ ਅਤੇ ਗ੍ਰਾਫਿਕ ਡੀਜ਼ਾਇਨਰ ਵਜੋਂ ਕੰਮ ਕਰਦਾ ਹੈ | ਇਹ ਵੀ ਪਤਾ ਲੱਗਿਆ ਹੈ ਕਿ ਇਸ ਦਾ ਅਸਲ ਨਾਂਅ ਮਾਈਕਲ ਹੈ ਅਤੇ ਇਹ ਬੰਗਲਾ ਦੇਸ਼ ਤੋਂ ਪੱਛਮੀ ਬੰਗਾਲ ਆ ਗਿਆ ਸੀ | ਹੋਰ ਜਾਂਚ ਤੋਂ ਪਤਾ ਲੱਗਾ ਕਿ 219 ਜੀ-ਮੇਲ ਖਾਤੇ ਵਟਸਐਪ ਰਾਹੀਂ ਬੰਗਲਾ ਦੇਸ਼ ਵਿਚ ਸਥਿਤ ਇਕ ਵਿਅਕਤੀ ਨੂੰ ਵੇਚੇ ਗਏ ਸਨ | ਇਸ ਤੋਂ ਇਲਾਵਾ ਇਹ ਪਾਇਆ ਵੀ ਗਿਆ ਕਿ ਇਨ੍ਹਾਂ ਈ-ਮੇਲ ਖਾਤਿਆਂ ਨੂੰ ਬਾਅਦ ਵਿਚ ਪਾਕਿਸਤਾਨ ਸਥਿਤ ਅਣਪਛਾਤੇ ਵਿਅਕਤੀਆਂ ਨੂੰ ਸਪਲਾਈ ਕੀਤਾ ਗਿਆ ਸੀ, ਜਿਨ੍ਹਾਂ ਨੇ ਕਥਿਤ ਤੌਰ 'ਤੇ ਇਨ੍ਹਾਂ ਦੀ ਵਰਤੋਂ ਬੰਬ ਧਮਕੀ ਵਾਲੇ ਈ-ਮੇਲ ਅਤੇ ਹੋਰ ਗੈਰ-ਕਾਨੂੰਨੀ ਸਾਈਬਰ ਗਤੀਵਿਧੀਆਂ ਭੇਜਣ ਲਈ ਕੀਤੀ ਸੀ |