ਐੱਸ. ਏ. ਐੱਸ. ਨਗਰ, 22 ਮਈ (ਤਰਵਿੰਦਰ ਸਿੰਘ ਬੈਨੀਪਾਲ)-ਕੌਮੀ ਇਨਸਾਫ਼ ਮੋਰਚੇ ਵਲੋਂ 121 ਸਿੰਘਾਂ ਦੇ ਜਥੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸਮੇਤ ਹੋਰ ਸਿੱਖ ਮੰਗਾਂ ਨੂੰ ਲੈ ਕੇ ਕਾਲੇ ਚੋਲੇ ਪਾ ਕੇ ਅਤੇ ਜਜ਼ੀਰਾਂ ਵਿਚ ਜਕੜ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਰੋਸ ਮਾਰਚ ਕੀਤਾ ਗਿਆ | ਇਸ ਰੋਸ ਮਾਰਚ ਨੂੰ ਬੁੜੈਲ ਚੌਕ ਨੇੜੇ ਚੰਡੀਗੜ੍ਹ ਪੁਲਿਸ ਵਲੋਂ ਰੋਕ ਲਿਆ ਗਿਆ, ਜਿਸ 'ਤੇ ਜਥੇ ਵਲੋਂ ਉਥੇ ਸੜਕ 'ਤੇ ਹੀ ਧਰਨਾ ਲਗਾ ਕੇ ਇਕ ਘੰਟੇ ਦੇ ਕਰੀਬ 'ਸਤਿਨਾਮ ਵਾਹਿਗੁਰੂ' ਦਾ ਜਾਪ ਕੀਤਾ ਗਿਆ ਅਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਕੌਮੀ ਇਨਸਾਫ਼ ਮੋਰਚੇ ਦੇ ਆਗੂ ਬਾਪੂ ਗੁਰਬਚਨ ਸਿੰਘ ਹਵਾਰਾ ਨੇ ਦੱਸਿਆ ਕਿ ਇਸ ਧਰਨੇ ਵਿਚ ਮੁੱਖ ਮੰਤਰੀ ਦੇ ਓ. ਐਸ. ਡੀ. ਬਰਾੜ ਅਤੇ ਐਸ. ਐਸ. ਪੀ. ਚੰਡੀਗੜ੍ਹ ਨੇ ਪਹੁੰਚ ਕੇ ਆਗੂਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ | ਇਸ ਮੌਕੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਜਥੇ ਦੇ ਮੈਂਬਰ ਇਸ ਲਈ ਕਾਲੇ ਚੋਲੇ ਪਾ ਕੇ ਅਤੇ ਜਜ਼ੀਰਾਂ ਵਿਚ ਜਕੜ ਕੇ ਆਏ ਹਨ, ਕਿਉਂਕਿ ਉਹ ਦੱਸਣਾ ਚਾਹੁੰਦੇ ਹਨ ਕਿ ਸਿੱਖ ਇਸੇ ਤਰ੍ਹਾਂ ਹੀ ਭਾਰਤ ਵਿਚ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜੇ ਹੋਏ ਹਨ ਅਤੇ ਕਾਲੇ ਚੋਲੇ ਇਸੇ ਕਰਕੇ ਰੋਸ ਵਜੋਂ ਪਾਏ ਹਨ, ਕਿਉਂਕਿ ਉਹ ਗ਼ੁਲਾਮ ਹਨ | ਰੋਸ ਮਾਰਚ ਵਿਚ ਗੁਰਦੀਪ ਸਿੰਘ ਬਠਿੰਡਾ, ਡਾ. ਦਰਸ਼ਨ ਪਾਲ, ਗੁਰਿੰਦਰ ਸਿੰਘ ਭੰਗੂ, ਗੋਬਿੰਦਰ ਸਿੰਘ ਸਰਵਾਰਾ, ਹਰਜਿੰਦਰ ਸਿੰਘ ਰਾਜਪੁਰਾ, ਤੇਜਵਿੰਦਰ ਸਿੰਘ, ਜਸਵੰਤ ਸਿੰਘ ਅਲੂਣਾ, ਸੁਖਵੀਰ ਸਿੰਘ, ਗੁਰਜੰਟ ਸਿੰਘ ਸੀਲ, ਪਾਲ ਸਿੰਘ ਘੜੂੰਆਂ, ਕਾਲਾ ਸਿੰਘ ਕਾਲਾ ਝਾੜ, ਬਲਜੀਤ ਸਿੰਘ ਭਾਊ, ਬਲਵਿੰਦਰ ਸਿੰਘ, ਸੌਰਵ ਜੈਨ, ਪਰਮਿੰਦਰ ਸਿੰਘ ਮਲੋਆ, ਜਸਕਰਨ ਸਿੰਘ, ਕਾਹਨ ਸਿੰਘ ਵਾਲਾ, ਸਤਿਨਾਮ ਸਿੰਘ ਬਾਠ ਆਦਿ ਹਾਜ਼ਰ ਸਨ |