ਚੰਡੀਗੜ੍ਹ, 22 ਮਈ (ਸੰਦੀਪ ਕੁਮਾਰ ਮਾਹਨਾ)-ਸੁਖਨਾ ਵਾਈਲਡ ਲਾਈਫ ਸੈਂਚੁਰੀ ਅਤੇ ਇਸ ਨਾਲ ਲੱਗਦੇ ਜੰਗਲੀ ਇਲਾਕਿਆਂ 'ਚ ਕਰਵਾਏ ਗਏ ਤਾਜ਼ਾ ਜੈਵਿਕ ਸਰਵੇਖਣ ਨੇ ਚੰਡੀਗੜ੍ਹ ਨੂੰ ਉੱਤਰੀ ਭਾਰਤ ਦੇ ਅਹਿਮ ਵਾਤਾਵਰਨ ਕੇਂਦਰ ਵਜੋਂ ਹੋਰ ਮਜ਼ਬੂਤੀ ਨਾਲ ਉਭਾਰਿਆ ਹੈ | ਸਰਵੇ ਦੌਰਾਨ ਦੋ ਵਿਅਸਕ ਨਰ ਚੀਤਿਆਂ ਦੀ ਮੌਜੂਦਗੀ ਦੀ ਪੁਸ਼ਟੀ ਹੋਣ ਨਾਲ ਜੰਗਲਾਤ ਵਿਭਾਗ ਵਿਚ ਉਤਸ਼ਾਹ ਦਾ ਮਾਹੌਲ ਹੈ, ਜਦਕਿ ਪੰਛੀਆਂ, ਤਿਤਲੀਆਂ ਅਤੇ ਜੰਗਲੀ ਜੀਵਾਂ ਦੀਆਂ ਕਈ ਦੁਰਲੱਭ ਪ੍ਰਜਾਤੀਆਂ ਵੀ ਦਰਜ ਕੀਤੀਆਂ ਗਈਆਂ ਹਨ | ਚੰਡੀਗੜ੍ਹ ਪ੍ਰਸ਼ਾਸਨ ਦੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਲੋਂ ਵਾਈਲਡ ਲਾਈਫ ਇੰਸਟੀਚਿਊਟ ਆਫ ਇੰਡੀਆ (ਡਬਲਿਊ.ਆਈ.ਆਈ.) ਦੇ ਸਹਿਯੋਗ ਨਾਲ 20 ਤੋਂ 27 ਨਵੰਬਰ 2025 ਤੱਕ ਇਹ ਵਿਸਤਿ੍ਤ ਸਰਵੇਖਣ ਕੀਤਾ ਗਿਆ | ਇਸ ਦੌਰਾਨ ਸੁਖਨਾ ਝੀਲ ਖੇਤਰ, ਪਟਿਆਲਾ ਕੀ ਰਾਓ, ਸੁਖਨਾ ਚੋਅ ਜੰਗਲ, ਬੋਟੈਨਿਕਲ ਗਾਰਡਨ, ਬਟਰਫ਼ਲਾਈ ਪਾਰਕ ਅਤੇ ਸਿਟੀ ਬਰਡ ਸੈਂਚੁਰੀ ਵਰਗੇ ਵਾਤਾਵਰਨ ਪੱਖੋਂ ਮਹੱਤਵਪੂਰਨ ਖੇਤਰਾਂ ਨੂੰ ਕਵਰ ਕੀਤਾ ਗਿਆ | ਸਰਵੇਖਣ ਤੋਂ ਪਹਿਲਾਂ 18 ਅਤੇ 19 ਨਵੰਬਰ ਨੂੰ 'ਵਾਈਲਡ ਲਾਈਫ਼ ਸਰਵੇ ਅਤੇ ਤਕਨੀਕਾਂ' ਵਿਸ਼ੇ 'ਤੇ ਦੋ ਦਿਨਾਂ ਵਰਕਸ਼ਾਪ ਵੀ ਕਰਵਾਈ ਗਈ, ਜਿਸ 'ਚ ਜੰਗਲਾਤ ਅਧਿਕਾਰੀਆਂ, ਖੋਜਕਾਰਾਂ ਅਤੇ ਵਲੰਟੀਅਰਾਂ ਨੂੰ ਵਿਗਿਆਨਕ ਸਰਵੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ | ਬਨਸਪਤੀ ਸਰਵੇ ਵਿਚ 79 ਕਿਸਮਾਂ ਦੇ ਬੂਟੇ ਦਰਜ ਕੀਤੇ ਗਏ, ਜਿਨ੍ਹਾਂ 'ਚ 43 ਦਰੱਖ਼ਤ, 14 ਬੂਟੇ ਅਤੇ 22 ਜੜ੍ਹੀ-ਬੂਟੀ ਪ੍ਰਜਾਤੀਆਂ ਸ਼ਾਮਿਲ ਹਨ | ਯੂਕਲਿਪਟਸ ਸਭ ਤੋਂ ਵੱਧ ਪਾਏ ਜਾਣ ਵਾਲੇ ਦਰੱਖ਼ਤ ਵਜੋਂ ਸਾਹਮਣੇ ਆਇਆ, ਜਦਕਿ 'ਜਸਟਿਸੀਆ ਅਧਾਟੋਡਾ' ਨੂੰ ਮਿੱਟੀ ਅਤੇ ਨਮੀ ਸੰਭਾਲਣ ਲਈ ਅਹਿਮ ਬੂਟਾ ਮੰਨਿਆ ਗਿਆ | ਹਰਪੇਟੋਫੌਨਾ ਸਰਵੇ ਦੌਰਾਨ ਡੱਡੂਆਂ, ਕੱਛੂਆਂ, ਸੱਪਾਂ ਅਤੇ ਛਿਪਕਲੀਆਂ ਸਮੇਤ 13 ਪ੍ਰਜਾਤੀਆਂ ਦਰਜ ਹੋਈਆਂ | ਇਨ੍ਹਾਂ ਵਿਚੋਂ ਪੰਜ ਪ੍ਰਜਾਤੀਆਂ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਦੀ ਸ਼ਡਿਊਲ-1 ਅਤੇ ਇਕ ਪ੍ਰਜਾਤੀ ਸ਼ਡਿਊਲ-2 ਅਧੀਨ ਆਉਂਦੀ ਹੈ | ਤਿਤਲੀ ਸਰਵੇ ਦੌਰਾਨ ਪੰਜ ਪਰਿਵਾਰਾਂ ਨਾਲ ਸੰਬੰਧਤ 73 ਪ੍ਰਜਾਤੀਆਂ ਦਰਜ ਕੀਤੀਆਂ ਗਈਆਂ | 'ਨਿੰਫੈਲੀਡੀ' ਪਰਿਵਾਰ ਸਭ ਤੋਂ ਵੱਧ ਹਾਵੀ ਰਿਹਾ, ਜਦਕਿ ਯੈਲੋ ਔਰੇਂਜ ਟਿਪ ਸਭ ਤੋਂ ਵੱਧ ਗਿਣਤੀ ਵਾਲੀ ਤਿਤਲੀ ਵਜੋਂ ਸਾਹਮਣੇ ਆਈ | ਪੀ ਬਲੂ, ਕਾਮਨ ਓਨਿਕਸ ਅਤੇ ਇੰਡਿਗੋ ਫਲੈਸ਼ ਵਰਗੀਆਂ ਸ਼ਡਿਊਲ-2 ਪ੍ਰਜਾਤੀਆਂ ਦੀ ਮੌਜੂਦਗੀ ਵੀ ਦਰਜ ਕੀਤੀ ਗਈ | ਇਸੇ ਤਰ੍ਹਾਂ ਪੰਛੀ ਸਰਵੇ ਵਿਚ 132 ਕਿਸਮਾਂ ਦੇ ਪੰਛੀ ਦਰਜ ਕੀਤੇ ਗਏ, ਜਿਨ੍ਹਾਂ ਵਿਚ 13 ਸ਼ਡਿਊਲ-1 ਅਤੇ 117 ਸ਼ਡਿਊਲ-2 ਅਧੀਨ ਆਉਂਦੇ ਹਨ | ਆਈ.ਯੂ.ਸੀ.ਐਨ. ਸਰੰਕਸ਼ਣ ਦਰਜੇ ਅਨੁਸਾਰ ਦੋ ਸੰਕਟਗ੍ਰਸਤ, ਇਕ ਅਤਿ-ਸੰਵੇਦਨਸ਼ੀਲ ਅਤੇ ਤਿੰਨ ਨਿਅਰ ਥਰੈਟਨਡ ਪ੍ਰਜਾਤੀਆਂ ਵੀ ਦਰਜ ਹੋਈਆਂ | ਹਿਊਮਜ਼ ਵਾਰਬਲਰ ਸਭ ਤੋਂ ਵੱਧ ਪਾਇਆ ਜਾਣ ਵਾਲਾ ਪੰਛੀ ਰਿਹਾ | ਜੰਗਲੀ ਜੀਵ ਸਰਵੇ ਦੌਰਾਨ 16 ਪ੍ਰਜਾਤੀਆਂ ਦੀ ਪਛਾਣ ਸਿੱਧੇ ਦਰਸ਼ਨ ਅਤੇ ਪੈਰਾਂ ਦੇ ਨਿਸ਼ਾਨ, ਮਲ, ਪੈਲਟ ਅਤੇ ਪੱਗਮਾਰਕ ਰਾਹੀਂ ਕੀਤੀ ਗਈ | ਸੰਭਰ ਹਿਰਨ, ਨੀਲਗਾਇ ਅਤੇ ਜੰਗਲੀ ਸੂਰ ਸਭ ਤੋਂ ਵੱਧ ਗਿਣਤੀ ਵਿਚ ਪਾਏ ਗਏ | 18 ਕੈਮਰਾ ਟਰੈਪ ਸਟੇਸ਼ਨਾਂ ਰਾਹੀਂ 125 ਟਰੈਪ ਨਾਈਟਾਂ ਦੌਰਾਨ 466 ਸੁਤੰਤਰ ਵਾਈਲਡ ਲਾਈਫ ਕੈਪਚਰ ਦਰਜ ਕੀਤੇ ਗਏ | ਇਨ੍ਹਾਂ ਵਿਚ ਦੋ ਵਿਅਸਕ ਨਰ ਚੀਤਿਆਂ ਦੀ ਮੌਜੂਦਗੀ ਦੀ ਪੁਸ਼ਟੀ ਉਨ੍ਹਾਂ ਦੇ ਵੱਖ-ਵੱਖ ਰੋਜ਼ੈਟ ਪੈਟਰਨਾਂ ਦੇ ਆਧਾਰ 'ਤੇ ਕੀਤੀ ਗਈ | ਸਰਵੇ ਨੇ ਇਹ ਵੀ ਦਰਸਾਇਆ ਕਿ ਚੀਤੇ ਅਤੇ ਭਾਰਤੀ ਸਹਿੰ ਮੁੱਖ ਤੌਰ 'ਤੇ ਰਾਤ ਸਮੇਂ ਸਰਗਰਮ ਰਹਿੰਦੇ ਹਨ | ਸਾਲ 2021 'ਚ ਹੋਏ ਪਿਛਲੇ ਸਰਵੇ ਨਾਲ ਤੁਲਨਾ ਕਰਦਿਆਂ ਇਸ ਵਾਰ ਜੈਵਿਕ ਵਿਭਿੰਨਤਾ ਵਿਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ | ਜਿੱਥੇ ਜੰਗਲੀ ਜੀਵਾਂ ਦੀਆਂ ਪ੍ਰਜਾਤੀਆਂ 14 ਤੋਂ ਵਧ ਕੇ 16 ਹੋਈਆਂ ਹਨ, ਉੱਥੇ ਪੰਛੀਆਂ ਦੀ ਗਿਣਤੀ 67 ਤੋਂ ਵਧ ਕੇ 132 ਤੱਕ ਪਹੁੰਚ ਗਈ ਹੈ | ਪਹਿਲੀ ਵਾਰ ਤਿਤਲੀਆਂ ਅਤੇ ਹਰਪੇਟੋਫੌਨਾ ਨੂੰ ਵੀ ਸਰਵੇ ਵਿਚ ਸ਼ਾਮਲ ਕੀਤਾ ਗਿਆ ਹੈ |