ਚੰਡੀਗੜ੍ਹ, 25 ਮਈ (ਅਜੀਤ ਬਿਊਰੋ)-ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਦੋਂ ਵੱਡਾ ਸਿਆਸੀ ਝਟਕਾ ਲੱਗਿਆ ਹੈ, ਜਦੋਂ ਅਕਾਲੀ ਦਲ ਦੇ ਦਿੱਗਜ਼ ਆਗੂ, ਸਾਬਕਾ ਰਾਜ ਸਭਾ ਮੈਂਬਰ, ਸਾਬਕਾ ਵਿਧਾਇਕ ਤੇ ਚੀਫ਼ ਖ਼ਾਲਸਾ ਦੀਵਾਨ ਦੇ ਮੁਖੀ ਰਾਜਮਹਿੰਦਰ ਸਿੰਘ ਮਜੀਠਾ 'ਆਪ' ਵਿਚ ਸ਼ਾਮਿਲ ਹੋ ਗਏ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਮਹਿੰਦਰ ਸਿੰਘ ਮਜੀਠਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਆਮ ਆਦਮੀ ਪਾਰਟੀ ਵਿਚ ਸਵਾਗਤ ਕੀਤਾ | ਰਾਜਮਹਿੰਦਰ ਸਿੰਘ ਮਜੀਠਾ ਦੇ ਨਾਲ-ਨਾਲ ਇਲਾਕੇ ਦੀਆਂ ਕਈ ਹੋਰ ਜਾਣੀਆਂ-ਪਛਾਣੀਆਂ ਸ਼ਖ਼ਸੀਅਤਾਂ ਵੀ 'ਆਪ' ਵਿਚ ਸ਼ਾਮਿਲ ਹੋਈਆਂ | ਇਨ੍ਹਾਂ ਵਿਚ ਸਾਬਕਾ ਆਰ.ਟੀ.ਆਈ. ਕਮਿਸ਼ਨਰ ਹੇਮਇੰਦਰ ਸਿੰਘ ਮਜੀਠਾ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਸੁਖਦੀਪ ਸਿੰਘ ਮਜੀਠਾ ਵੀ ਸ਼ਾਮਿਲ ਹਨ | ਇਨ੍ਹਾਂ ਸਾਰੇ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਅਤੇ ਸਰਕਾਰ ਦੇ ਕੰਮਕਾਜ 'ਤੇ ਆਪਣਾ ਪੂਰਾ ਭਰੋਸਾ ਪ੍ਰਗਟਾਇਆ | ਇਸ ਮੌਕੇ 'ਆਪ' ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵੀ ਮੌਜੂਦ ਸਨ | ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਮਿਲ ਹੋਣ ਵਾਲੇ ਸਾਰੇ ਆਗੂਆਂ ਨੂੰ ਵਧਾਈ ਦਿੰਦਿਆਂ ਐਕਸ 'ਤੇ ਲਿਖਿਆ ਕਿ , 'ਆਮ ਆਦਮੀ ਪਾਰਟੀ ਦੇ ਪਰਿਵਾਰ ਵਿਚ ਅੱਜ ਇਕ ਬਹੁਤ ਹੀ ਵੱਡਾ ਤੇ ਅਹਿਮ ਵਾਧਾ ਹੋਇਆ ਹੈ | ਮੈਂ ਤਹਿ ਦਿਲੋਂ ਇਨ੍ਹਾਂ ਦਾ ਪਾਰਟੀ ਵਿਚ ਨਿੱਘਾ ਸਵਾਗਤ ਕਰਦਾ ਹਾਂ |
ਸਾਬਕਾ ਰਾਜ ਸਭਾ ਮੈਂਬਰ ਰਾਜਮਹਿੰਦਰ ਸਿੰਘ ਮਜੀਠਾ ਸਾਥੀਆਂ ਸਮੇਤ 'ਆਪ' ਵਿਚ ਹੋਏ ਸ਼ਾਮਿਲ
ਅਜੀਤ ਡੈਸਕ
26-05-2026