ਪੰਜਾਬ ਅੰਦਰ ਅੱਜ ਹੋ ਰਹੀਆਂ ਨਿਗਮ ਚੋਣਾਂ ਸੂਬੇ ਦੀ ਸਿਆਸੀ ਦਿਸ਼ਾ ਦਾ ਵੱਡਾ ਇਮਤਿਹਾਨ
ਅਜੀਤ ਡੈਸਕ
26-05-2026
ਬਠਿੰਡਾ, 25 ਮਈ-ਪੰਜਾਬ ਦੀਆਂ 105 ਸ਼ਹਿਰੀ ਸਥਾਨਕ ਸੰਸਥਾਵਾਂ ਲਈ ਅੱਜ ਹੋ ਰਹੀਆਂ ਚੋਣਾਂ ਸਿਰਫ਼ ਮੇਅਰਾਂ, ਪ੍ਰਧਾਨਾਂ ਜਾਂ ਕੌਂਸਲਰਾਂ ਦੀ ਚੋਣ ਤੱਕ ਸੀਮਤ ਨਹੀਂ, ਸਗੋਂ ਇਨ੍ਹਾਂ ਨੂੰ ਸਾਲ 2027 'ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸੂਬੇ ਦੀ ਸਿਆਸੀ ਦਿਸ਼ਾ ਦਾ ਵੱਡਾ ਇਮਤਿਹਾਨ ਮੰਨਿਆ ਜਾ ਰਿਹਾ, ਜਿਸ 'ਚੋਂ ਪਾਸ ਹੋਣ ਲਈ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਤੇ ਵਿਰੋਧੀ ਧਿਰਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ | ਇਨ੍ਹਾਂ ਚੋਣਾਂ ਦੇ ਮਾਅਨੇ 'ਤੇ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਦੀ ਸੱਤਾ 'ਤੇ ਕਾਬਜ਼ ਆਮ ਆਦਮੀ ਪਾਰਟੀ ਲਈ ਇਹ ਚੋਣਾਂ ਸਰਕਾਰ ਦੇ ਚਾਰ ਸਾਲਾਂ ਦੇ ਕੰਮਕਾਜ 'ਤੇ ਜਨਤਾ ਦੀ ਰਾਇ ਮੰਨੀਆਂ ਜਾ ਰਹੀਆਂ ਹਨ, ਜੇਕਰ 'ਆਪ' ਸ਼ਹਿਰੀ ਖੇਤਰਾਂ ਵਿਚ ਵੱਡੀ ਜਿੱਤ ਦਰਜ ਕਰਦੀ ਹੈ ਤਾਂ ਇਹ 2027 ਦੀਆਂ ਚੋਣਾਂ ਲਈ ਉਸ ਦੇ ਮਨੋਬਲ ਨੂੰ ਮਜ਼ਬੂਤ ਕਰੇਗੀ, ਪਰ ਜੇ ਉਮੀਦਾਂ ਅਨੁਸਾਰ ਨਤੀਜੇ ਨਾ ਆਏ ਤਾਂ ਆਮ ਆਦਮੀ ਦੀ ਹਿਤੈਸ਼ੀ ਕਹਾਉਂਦੀ 'ਆਪ' ਨੂੰ ਆਮ ਆਦਮੀ ਦੇ ਰੁਝਾਨ ਦੀ ਤਸਵੀਰ ਸਾਫ਼ ਹੋ ਜਾਵੇਗੀ ਤੇ ਵਿਰੋਧੀ ਧਿਰਾਂ ਨੂੰ ਸਰਕਾਰ ਵਿਰੁੱਧ ਵੱਡਾ ਸਿਆਸੀ ਹਥਿਆਰ ਮਿਲ ਸਕਦਾ ਹੈ | ਦੂਜੇ ਪਾਸੇ ਪੰਜਾਬ ਵਿਚ ਰਵਾਇਤੀ ਤੌਰ 'ਤੇ ਸ਼ਹਿਰੀ ਖੇਤਰਾਂ ਵਿਚ ਮਜ਼ਬੂਤ ਰਹੀ ਕਾਂਗਰਸ ਪਾਰਟੀ ਲਈ ਇਹ ਚੋਣਾਂ ਆਪਣੀ ਸਿਆਸੀ ਸਥਿਤੀ ਮੁੜ ਮਜ਼ਬੂਤ ਕਰਨ ਦਾ ਮੌਕਾ ਹਨ, ਜੇ ਕਾਂਗਰਸ ਇਨ੍ਹਾਂ ਚੋਣਾਂ 'ਚ ਵਧੀਆ ਪ੍ਰਦਰਸ਼ਨ ਕਰਦੀ ਹੈ ਤਾਂ ਉਹ ਆਪਣੇ ਆਪ ਨੂੰ 2027 ਲਈ ਮੁੱਖ ਬਦਲ ਵਜੋਂ ਪੇਸ਼ ਕਰ ਸਕੇਗੀ, ਪਰ ਇਸ ਦੇ ਉਲਟ ਆਏ ਨਤੀਜੇ ਪਾਰਟੀ ਦੀਆਂ ਅੰਦਰੂਨੀ ਚੁਣੌਤੀਆਂ ਨੂੰ ਹੋਰ ਵਧਾ ਸਕਦੇ ਹਨ | ਜੇਕਰ ਕਾਂਗਰਸ ਆਸ ਅਨੁਸਾਰ ਇਹ ਚੋਣਾਂ ਸਰ ਨਹੀਂ ਕਰਦੀ ਤਾਂ ਇਸਨੂੰ ਕਾਂਗਰਸ ਦੇ ਅੰਦਰੂਨੀ ਕਾਟੋ-ਕਲੇਸ਼ ਦਾ ਨਤੀਜਾ ਹੀ ਮੰਨਿਆ ਜਾਵੇਗਾ | ਇਸੇ ਤਰ੍ਹਾਂ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਸਿਆਸੀ ਝਟਕਿਆਂ ਦਾ ਸਾਹਮਣਾ ਕਰ ਰਹੀ ਸੂਬੇ ਦੀ ਖੇਤਰੀ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਇਹ ਚੋਣਾਂ ਸਭ ਤੋਂ ਅਹਿਮ ਮੰਨੀਆਂ ਜਾ ਰਹੀਆਂ ਹਨ | ਜੇ ਅਕਾਲੀ ਦਲ (ਬ) ਵੀ ਸ਼ਹਿਰੀ ਖੇਤਰਾਂ ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦਾ ਹੈ ਤਾਂ ਪਾਰਟੀ ਦੇ ਲੰਘੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕੀਤੇ ਗਏ ਚੰਗੇ ਪ੍ਰਦਰਸ਼ਨ ਦੌਰਾਨ ਇਸ ਦੇ ਪੁਨਰ ਉਭਾਰ ਦੀ ਉੱਠੀ ਚਰਚਾ ਨੂੰ ਹੋਰ ਬਲ ਮਿਲ ਸਕਦਾ ਹੈ | ਦੂਜੇ ਪਾਸੇ ਪੰਜਾਬ ਖ਼ਾਸਕਰ ਸ਼ਹਿਰੀ ਵੋਟਰਾਂ 'ਚ ਆਪਣੇ ਪੈਰ ਜਮਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਵੀ ਇਹ ਸ਼ਹਿਰੀ ਚੋਣਾਂ ਖ਼ਾਸ ਮੰਨੀਆਂ ਜਾ ਰਹੀਆਂ ਹਨ | ਇੰਨ੍ਹਾਂ ਚੋਣਾਂ ਦੇ ਚੰਗੇ ਨਤੀਜੇ ਪਾਰਟੀ ਨੂੰ ਪੰਜਾਬ 'ਚ ਇਕ ਮਜ਼ਬੂਤ ਵਿਰੋਧੀ ਧਿਰ ਵਜੋਂ ਸਥਾਪਿਤ ਕਰ ਸਕਦੇ ਹਨ | ਬੇਸ਼ੱਕ ਇਨ੍ਹਾਂ ਚੋਣਾਂ ਦੇ 29 ਮਈ ਨੂੰ ਆਉਣ ਵਾਲੇ ਨਤੀਜੇ ਸਾਰੀਆਂ ਸਿਆਸੀ ਧਿਰਾਂ ਦੇ ਭਵਿੱਖ ਦੀ ਤਸਵੀਰ ਸਾਫ਼ ਕਰਨਗੇ, ਪਰ ਇਸ ਸਿਆਸੀ ਸੈਮੀਫਾਈਨਲ ਨੂੰ ਲੈ ਕੇ ਸਾਰੀਆਂ ਧਿਰਾਂ ਨੂੰ ਧੜਕੂ ਜ਼ਰੂਰ ਲੱਗਿਆ ਹੋਇਆ ਹੈ | ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਸਿਰਫ਼ ਨਗਰ ਨਿਗਮਾਂ ਤੇ ਕੌਂਸਲਾਂ ਦੀ ਸੱਤਾ ਤੈਅ ਨਹੀਂ ਕਰਨਗੇ, ਸਗੋਂ ਇਹ ਵੀ ਦਰਸਾਉਣਗੇ ਕਿ ਪੰਜਾਬ ਦੇ ਸ਼ਹਿਰੀ ਵੋਟਰ ਕਿਸ ਪਾਰਟੀ ਵੱਲ ਝੁਕਾਅ ਰੱਖਦੇ ਹਨ | ਇਸੇ ਲਈ 'ਆਪ', ਕਾਂਗਰਸ, ਅਕਾਲੀ ਦਲ ਤੇ ਭਾਜਪਾ ਦੇ ਸਿਆਸੀ ਵਜੂਦ ਤੇ ਭਵਿੱਖ ਦਾ ਫ਼ੈਸਲਾ ਅੱਜ ਇਨ੍ਹਾਂ ਚੋਣਾਂ 'ਚ ਆਪਣੀ ਵੋਟ ਦਾ ਇਸਤੇਮਾਲ ਕਰਨ ਵਾਲੇ 36 ਲੱਖ 72 ਹਜ਼ਾਰ 932 ਵੋਟਰਾਂ ਦੇ ਹੱਥ 'ਚ ਹੈ |