ਨਵੀਂ ਦਿੱਲੀ, 25 ਮਈ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇਕ ਐਨ.ਜੀ.ਓ. ਦੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਥਿਤ ਬਿਆਨ ਨੂੰ ਉਜਾਗਰ ਕੀਤਾ ਗਿਆ ਸੀ ਕਿ ਅਦਾਲਤ ਨੇ ਲਵਾਰਸ ਕੁੱਤਿਆਂ ਨੂੰ ਖਤਮ ਕਰਨ ਲਈ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ | ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਐਡਵੋਕੇਟ ਅਨਿਲ ਕੁਮਾਰ ਮਿਸ਼ਰਾ ਨੂੰ ਕਿਹਾ, 'ਸਿਰਫ਼ ਇਸ ਲਈ ਕਿ ਇਕ ਮੁੱਖ ਮੰਤਰੀ ਬਿਆਨ ਦਿੰਦਾ ਹੈ, ਕੀ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਆਪਣਾ ਹੁਕਮ ਬਦਲਣਾ ਪਵੇਗਾ' | ਇਹ ਗੱਲ ਉਨ੍ਹਾਂ ਨੇ ਉਦੋਂ ਕਹੀ ਜਦੋਂ ਵਕੀਲ ਨੇ ਐਨ.ਜੀ.ਓ. 'ਐਨੀਮਲਜ਼ ਆਰ ਪੀਪਲ ਟੂ' ਦੀ ਤਰਫੋਂ ਜ਼ਰੂਰੀ ਸੁਣਵਾਈ ਲਈ ਮਾਮਲੇ ਦਾ ਜ਼ਿਕਰ ਕੀਤਾ | ਅਦਾਲਤ ਨੇ ਪਟੀਸ਼ਨਕਰਤਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਣ ਲਈ ਕਿਹਾ | ਬੈਂਚ ਨੇ ਮਿਸ਼ਰਾ ਨੂੰ ਕਿਹਾ ਕਿ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਹਾਈ ਕੋਰਟਾਂ ਵਲੋਂ ਕੀਤੀ ਜਾਣੀ ਹੈ, ਅਸੀਂ ਤੁਹਾਨੂੰ ਦੱਸਿਆ ਸੀ ਕਿ ਮਾਮਲਾ ਹਾਈ ਕੋਰਟ ਨੂੰ ਸੌਂਪਿਆ ਗਿਆ ਹੈ, ਜਾਓ ਅਤੇ ਹਾਈ ਕੋਰਟ ਨੂੰ ਬੇਨਤੀ ਕਰੋ |