• ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਝੋਨੇ ਦੇ ਸੀਜ਼ਨ ਦੀ ਪਾਵਰਕਾਮ ਕਰਨ ਲੱਗਾ ਤਿਆਰੀ
• ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਸੂਬੇ ਵਿਚ 13 ਹਜ਼ਾਰ ਮੈਗਾਵਾਟ ਰਹੀ ਬਿਜਲੀ ਦੀ ਮੰਗ
ਸ਼ਿਵ ਸ਼ਰਮਾ
ਜਲੰਧਰ, 26 ਮਈ-ਅਜੇ ਤੱਕ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਕਹਿਰ ਦੀ ਗਰਮੀ ਪੈਣ ਨੇ ਜਿੱਥੇ ਲੋਕਾਂ ਨੂੰ ਬੇਹਾਲ ਕੀਤਾ ਹੋਇਆ ਹੈ ਤਾਂ ਉੱਥੇ ਪਾਵਰਕਾਮ ਲਈ ਵੀ ਬਿਜਲੀ ਦੀ ਲਗਾਤਾਰ ਵੱਧ ਰਹੀ ਮੰਗ ਕਾਰਨ ਉਸ ਦੇ ਵੀ ਪਸੀਨੇ ਛੁੱਟ ਰਹੇ ਹਨ ਕਿਉਂਕਿ ਕਹਿਰ ਦੀ ਗਰਮੀ ਕਰਕੇ ਏ. ਸੀ. ਦੇ ਪੂਰੀ ਸਮਰੱਥਾ ਵਾਲੇ ਚੱਲ ਰਹੇ ਲੋਡ ਕਾਰਨ 26 ਮਈ ਨੂੰ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਵੀ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਦੇ ਕਰੀਬ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਪਾਵਰਕਾਮ ਕੋਲ ਬਿਜਲੀ ਦੀ ਮੰਗ ਹੋਰ ਵੀ ਵਧਣ ਜਾ ਰਹੀ ਹੈ | ਇਸ ਵੇਲੇ ਪਾਵਰਕਾਮ ਨੂੰ ਪੰਜਾਬ ਦੇ ਸਰਕਾਰੀ ਅਤੇ ਗੈਰ ਸਰਕਾਰੀ ਪਲਾਂਟਾਂ ਤੋਂ ਕਰੀਬ 6000 ਤੋਂ ਲੈ ਕੇ 6500 ਮੈਗਾਵਾਟ ਤੱਕ ਬਿਜਲੀ ਪ੍ਰਾਪਤ ਹੋ ਰਹੀ ਹੈ ਤੇ ਇਸ ਤੋਂ ਇਲਾਵਾ ਦਿਨ ਵੇਲੇ ਬਿਜਲੀ ਐਕਸਚੇਂਜ ਤੋਂ ਸੂਰਜੀ ਬਿਜਲੀ ਤੋਂ ਇਲਾਵਾ ਹੋਰ ਸਰੋਤਾਂ ਤੋਂ ਬਿਜਲੀ ਪ੍ਰਾਪਤ ਕਰਕੇ ਖਪਤਕਾਰਾਂ ਨੂੰ ਦਿੱਤੀ ਜਾ ਰਹੀ ਹੈ ਪਰ ਦੂਜੇ ਪਾਸੇ ਪਾਵਰਕਾਮ ਨੇ ਹੁਣ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਝੋਨੇ ਦੀ ਬਿਜਾਈ ਦੇ ਸੀਜ਼ਨ ਲਈ ਲੋੜੀਂਦੀ ਬਿਜਲੀ ਸਪਲਾਈ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਕੇਂਦਰੀ ਪੂਲ ਤੋਂ ਜੂਨ ਤੋਂ 1000 ਮੈਗਾਵਾਟ ਵਾਧੂ ਬਿਜਲੀ ਦੇਣ ਦੀ ਮੰਗ ਕੀਤੀ ਗਈ ਹੈ ਜਿਹੜੀ ਕਿ ਉਸਨੂੰ ਅਗਲੇ ਮਹੀਨੇ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ | ਇਸ ਵੇਲੇ ਦੇਸ਼ ਭਰ ਵਿਚ ਪੈ ਰਹੀ ਗਰਮੀ ਨੇ ਬਿਜਲੀ ਦੀ ਪੀਕ ਡਿਮਾਂਡ 270.82 ਗੀਗਾ ਵਾਟ ਦੇ ਰਿਕਾਰਡ ਪੱਧਰ ਤੱਕ ਪੁੱਜ ਗਈ ਹੈ ਤੇ ਬਿਜਲੀ ਮਾਹਿਰਾਂ ਦਾ ਕਹਿਣਾ ਸੀ ਕਿ ਕੇਂਦਰੀ ਪੂਲ ਵਿਚ ਪਾਵਰਕਾਮ ਨੂੰ ਇਹ ਬਿਜਲੀ ਮਿਲਣੀ ਸ਼ੁਰੂ ਹੋ ਜਾਵੇਗੀ | ਸੂਤਰਾਂ ਦੀ ਮੰਨੀਏ ਤਾਂ ਇਸ ਵੇਲੇ ਕਹਿਰ ਦੀ ਗਰਮੀ ਕਰਕੇ ਦੇਸ਼ ਭਰ ਵਿਚ ਬਿਜਲੀ ਦੀ ਐਨੀ ਜ਼ਿਆਦਾ ਮੰਗ ਹੈ ਕਿ ਬਿਜਲੀ ਐਕਸਚੇਂਜ ਵੀ ਰਾਜਾਂ ਦੀ ਇਸ ਮੰਗ ਨੂੰ ਪੂਰਾ ਕਰਨ ਵਿਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ | ਪਿਛਲੇ ਸਾਲ ਝੋਨੇ ਦੇ ਬਿਜਾਈ ਦੇ ਸੀਜ਼ਨ ਵਿਚ ਬਿਜਲੀ ਦੀ ਮੰਗ 16500 ਤੋਂ ਪਾਰ ਕਰ ਗਈ ਸੀ ਤਾਂ ਇਸ ਬਾਰ ਵੀ ਬਿਜਲੀ ਦੀ ਮੰਗ ਦੇ 17000 ਮੈਗਾਵਾਟ ਤੋਂ ਪਾਰ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਮੌਸਮ ਮਾਹਿਰਾਂ ਵਲੋਂ ਤਾਂ ਅਜੇ ਕਹਿਰ ਦੀ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਹੈ ਪਰ ਜੇਕਰ ਝੋਨੇ ਦੀ ਬਿਜਾਈ ਦੇ ਸਮੇਂ ਦੌਰਾਨ ਚੰਗੀਆਂ ਬਾਰਸ਼ਾਂ ਹੁੰਦੀਆਂ ਤਾਂ ਇਸ ਨਾਲ ਪਾਵਰਕਾਮ ਦੇ ਨਾਲ ਲੋਕਾਂ ਨੂੰ ਵੀ ਰਾਹਤ ਮਿਲ ਸਕਦੀ ਹੈ |
ਪਾਵਰਕਾਮ ਨੇ ਕੇਂਦਰੀ ਪੂਲ ਤੋਂ ਮੰਗੀ 1000 ਮੈਗਾਵਾਟ ਵਾਧੂ ਬਿਜਲੀ
ਅਜੀਤ ਡੈਸਕ
27-05-2026