ਨਵੀਂ ਦਿੱਲੀ, 26 ਮਈ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ ਸਾਲ 2020 ਵਿਚ ਰਾਜਧਾਨੀ ਦਿੱਲੀ ਦੇ ਉੱਤਰ-ਪੂਰਬੀ ਇਲਾਕੇ 'ਚ ਹੋਏ ਦੰਗਿਆਂ ਦੀ ਸਾਜ਼ਿਸ਼ ਦੇ ਮਾਮਲੇ ਦੇ ਮੁਲਜ਼ਮ ਅਤਹਰ ਖ਼ਾਨ ਦੀ ਜ਼ਮਾਨਤ ਪਟੀਸ਼ਨ 'ਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ ¢ ਸੁਣਵਾਈ ਦੌਰਾਨ ਹਾਈ ਕੋਰਟ ਨੇ ਜ਼ਬਾਨੀ ਤੌਰ 'ਤੇ ਕਿਹਾ ਕਿ ਵੱਟਸਐਪ ਚੈਟ ਨੂੰ ਵੇਖਣ ਤੋਂ ਬਾਅਦ ਪਹਿਲੀ ਨਜ਼ਰ ਵਿਚ ਉਸ ਨਾਲ ਸਾਜ਼ਿਸ਼ ਦਾ ਇਸ਼ਾਰਾ ਮਿਲ ਰਿਹਾ ਹੈ ¢ ਮੁਲਜ਼ਮ ਦੇ ਵਕੀਲ ਨੇ ਜਦ ਸੁਪਰੀਮ ਕੋਰਟ ਤੋਂ ਜ਼ਮਾਨਤ ਪਾਉਣ ਵਾਲੇ ਦੋ ਮੁਲਜ਼ਮਾਂ ਦਾ ਜ਼ਿਕਰ ਕਰ ਕੇ ਅਤਹਰ ਖ਼ਾਨ ਦੇ ਲਈ ਰਾਹਤ ਮੰਗੀ ਤਾਂ ਸਰਕਾਰੀ ਵਕੀਲ ਨੇ ਅਤਹਰ ਦੇ ਮਾਮਲੇ ਨੂੰ ਉਸ ਤੋਂ ਅਲੱਗ ਦੱਸਿਆ ਅਤੇ ਉਸ ਦੀ ਭੂਮਿਕਾ ਨੂੰ ਉਮਰ ਖ਼ਾਲਿਦ ਅਤੇ ਸ਼ਰਜੀਲ ਵਾਂਗ ਦੱਸਿਆ ¢ ਇਸ ਮਾਮਲੇ ਦੀ ਸੁਣਵਾਈ ਜਸਟਿਸ ਪ੍ਰਤਿਭਾ ਐੱਮ.ਸਿੰਘ ਅਤੇ ਜਸਟਿਸ ਮਧੂ ਜੈਨ ਦੀ ਬੈਂਚ ਵਲੋਂ ਕੀਤੀ ਜਾ ਰਹੀ ਹੈ ¢ ਮਾਮਲੇ ਦੀ ਸੁਣਵਾਈ ਦੌਰਾਨ ਅਤਹਰ ਖ਼ਾਨ ਵਲੋਂ ਪੇਸ਼ ਵਕੀਲ ਅਰਜੁਨ ਦੇਵਾਨ ਨੇ ਵੱਟਸਐਪ ਗਰੁੱਪ ਵਿਚ ਭੇਜੇ ਗਏ ਮੈਸੇਜ ਨੂੰ ਪੜ੍ਹ ਕੇ ਸੁਣਾਇਆ ਅਤੇ ਕਿਹਾ ਕਿ ਇਨ੍ਹਾਂ ਮੈਸਜਾਂ ਤੋਂ ਸਾਫ਼ ਹੈ ਕਿ ਇਨ੍ਹਾਂ ਦੀ ਸੜਕ ਜਾਮ ਕਰਨ ਦੀ ਕੋਈ ਮਨਸ਼ਾ ਨਹੀਂ ਸੀ ¢